ਮਹਾਡਿਬੇਟ ਲਈ ਲੁਧਿਆਣਾ ‘ਚ ਜ਼ਬਰਦਸਤ ਤਿਆਰੀਆਂ, ਆਡੀਟੋਰੀਅਮ ਦੀ ਸਮਰੱਥਾ 1000, 3 ਕਰੋੜ ਲੋਕਾਂ ਨੂੰ ਖੁੱਲ੍ਹੇ ਸੱਦੇ ਨੇ ਅਫ਼ਸਰਾਂ ਨੂੰ ਪਾਈ ਭਸੂੜੀ

Updated On: 

31 Oct 2023 15:39 PM

Punjab Bolda Hai Maha Debate: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀਜੀਪੀ ਗੌਰਵ ਯਾਦਵ ਨੇ ਇਸ ਬਹਿਸ ਨਾਲ ਸਬੰਧਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨੀ ਸੀ, ਜੋ ਨਹੀਂ ਹੋ ਸਕੀ। ਦਰਅਸਲ, ਸੋਮਵਾਰ ਨੂੰ ਸੀਐਮ ਸੁਰੱਖਿਆ ਵਿੱਚ ਤਾਇਨਾਤ ਇੱਕ ਜਵਾਨ ਦੀ ਅਚਾਨਕ ਮੌਤ ਤੋਂ ਬਾਅਦ, ਮੁੱਖ ਮੰਤਰੀ ਦੇ ਸਾਰੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ।

ਮਹਾਡਿਬੇਟ ਲਈ ਲੁਧਿਆਣਾ ਚ ਜ਼ਬਰਦਸਤ ਤਿਆਰੀਆਂ, ਆਡੀਟੋਰੀਅਮ ਦੀ ਸਮਰੱਥਾ 1000, 3 ਕਰੋੜ ਲੋਕਾਂ ਨੂੰ ਖੁੱਲ੍ਹੇ ਸੱਦੇ ਨੇ ਅਫ਼ਸਰਾਂ ਨੂੰ ਪਾਈ ਭਸੂੜੀ
Follow Us On

ਇਕ ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਡਿਬੇਟ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਇਲਾਕੇ ਤੋਂ ਵੀ ਪੁਲਿਸ ਪਾਰਟੀ ਨੂੰ ਵੀ ਪੀਏਯੂ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਸੱਦਿਆ ਗਿਆ ਸੁਰੱਖਿਆ ਰਿਵਿਊ ਮੀਟਿੰਗ ਵਿਸ਼ੇਸ਼ ਤੌਰ ਤੇ ਆਈਜੀ ਗੁਰਪ੍ਰੀਤ ਭੁੱਲਰ ਦੀ ਅਗਵਾਈ ਦੇ ਵਿੱਚ ਰੱਖੀ ਗਈ ਜਿਸ ਵਿੱਚ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਪੁਲਿਸ ਦੇ ਅਫਸਰ, ਡੀਸੀਪੀ, ਐਸਐਸਪੀ, ਏਡੀਸੀਪੀ, ਏਸੀਪੀ ਮੀਟਿੰਗ ਦੇ ਵਿੱਚ ਮੌਜੂਦ ਰਹੇ। ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਵੀ ਚਾਕ ਚੋਬੰਦ ਕੀਤੀ ਗਈ ਹੈ।

ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦਰਮਿਆਨ ਓਪਨ ਡਿਬੇਟ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਇਸ ਬਹਿਸ ਨੂੰ ਮੈਂ ਪੰਜਾਬ ਬੋਲਦਾ ਹਾਂ ਦਾ ਨਾਂ ਦਿੱਤਾ ਹੈ। ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ ਲਗਭਗ 1000 ਲੋਕਾਂ ਦੀ ਹੈ।

ਬਹਿਸ ਵਿੱਚ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਤੋਂ ਇਲਾਵਾ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਡੀਟੋਰੀਅਮ ਵਿੱਚ 1000 ਲੋਕ ਬੈਠ ਸਕਦੇ ਹਨ ਪਰ ਕਈ ਵੀਵੀਆਈਪੀਜ਼ ਦੀ ਮੌਜੂਦਗੀ ਕਾਰਨ ਸਿਰਫ਼ 800 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਸਰਕਾਰੀ ਪੱਧਰ ‘ਤੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਡੀਟੋਰੀਅਮ ‘ਚ ਸਟੇਜ ‘ਤੇ ਬੈਠਾਉਣ ਦੀ ਸੂਚਨਾ ਹੈ।

ਦੂਜੇ ਪਾਸੇ ਬਹਿਸ ਨਾਲ ਸਬੰਧਤ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਦੇ ਸਾਰੇ ਉੱਚ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਹੀ ਡੇਰੇ ਲਾਏ ਹੋਏ ਹਨ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਖੁਦ ਦੋ ਦਿਨਾਂ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ।

ਅਰਪਿਤ ਸ਼ੁਕਲਾ ਦੀ ਨਿਗਰਾਨੀ ਹੇਠ ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਏਡੀਜੀਪੀ (ਟਰੈਫਿਕ) ਏ.ਐਸ ਰਾਏ ਤੋਂ ਇਲਾਵਾ ਰੋਪੜ ਰੇਂਜ ਦੇ ਆਈਜੀ ਜੀਪੀਐਸ ਭੁੱਲਰ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਐਮਐਸ ਸਿੱਧੂ, ਲੁਧਿਆਣਾ ਰੇਂਜ ਦੇ ਡੀਆਈਜੀ ਅਤੇ ਪੰਜਾਬ ਆਰਮਡ ਪੁਲਿਸ (ਪੀਏਪੀ) ਦੇ ਡੀਆਈਜੀ ਵੀ ਸ਼ਾਮਲ ਹੋਏ ਹਨ।

ਭਾਰੀ ਗਿਣਤੀ ਚ ਲੋਕਾਂ ਦੇ ਆਉਣ ਨੇ ਵਧਾਈ ਚਿੰਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 3 ਕਰੋੜ ਲੋਕਾਂ ਨੂੰ ਇਸ ਬਹਿਸ ਨੂੰ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਅਜਿਹੇ ‘ਚ ਜੇਕਰ ਜ਼ਿਆਦਾ ਲੋਕ ਲੁਧਿਆਣਾ ਪਹੁੰਚਦੇ ਹਨ ਤਾਂ ਪੁਲਿਸ ਨੂੰ ਸਥਿਤੀ ਨੂੰ ਸੰਭਾਲਣ ‘ਚ ਮੁਸ਼ਕਿਲ ਆ ਸਕਦੀ ਹੈ। ਇਸ ਕਾਰਨ ਪੁਲਿਸ ਅਧਿਕਾਰੀ ਸਖ਼ਤ ਪ੍ਰਬੰਧ ਕਰਨ ਵਿੱਚ ਰੁਝੇ ਹੋਏ ਹਨ।

ਪੀਏਯੂ ਨੂੰ ਜਾਣ ਵਾਲੀਆਂ ਸੜਕਾਂ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੀ ਸਖਤੀ ਕੀਤੀ ਜਾਵੇ। ਅਜਿਹੇ ‘ਚ ਅਫਸਰਾਂ ਨੂੰ ਚਿੰਤਾ ਹੈ ਕਿ ਜੇਕਰ ਵੀਵੀਆਈਪੀ ਲੋਕਾਂ ਦੇ ਨਾਲ ਆਉਣ ਵਾਲੇ ਸਮਰਥਕਾਂ ਤੋਂ ਇਲਾਵਾ ਹੋਰ ਭੀੜ ਇਕੱਠੀ ਹੋ ਗਈ ਤਾਂ ਪ੍ਰਬੰਧਾਂ ‘ਚ ਕਮੀ ਆ ਸਕਦੀ ਹੈ।

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਸੋਮਵਾਰ ਤੋਂ ਲੁਧਿਆਣਾ ਵਿੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਹਨ।

ਯੂਨੀਅਨਾਂ ਦੇ ਐਲਾਨ ਨੇ ਵਧਾਈ ਟੇਂਸ਼ਨ

ਦਰਅਸਲ, ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਕਰ ਰਹੀਆਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਗਰੁੱਪਾਂ ਨੇ ਵੀ ਇਸ ਬਹਿਸ ਵਿਚ ਪਹੁੰਚ ਕੇ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਚਾਹੁੰਦੇ ਕਿ ਇਨ੍ਹਾਂ ਯੂਨੀਅਨਾਂ ਕਾਰਨ ਬਹਿਸ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਹੋਵੇ।

ਸੀਪੀ ਦੇ ਛੁੱਟੀ ‘ਤੇ ਜਾਣ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼

ਵਿਰੋਧੀ ਪਾਰਟੀਆਂ ਅਜਿਹੇ ਅਹਿਮ ਸੱਦੇ ਤੋਂ ਠੀਕ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਛੁੱਟੀ ‘ਤੇ ਜਾਣ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮਨਦੀਪ ਸਿੰਘ ਸਿੱਧੂ 31 ਅਕਤੂਬਰ ਅਤੇ 1 ਨਵੰਬਰ ਨੂੰ ਛੁੱਟੀ ‘ਤੇ ਹਨ। ਸਿੱਧੂ ਨੇ ਖੁਦ ਕਿਹਾ ਹੈ ਕਿ ਪਰਿਵਾਰਕ ਕੰਮਾਂ ਕਾਰਨ ਉਨ੍ਹਾਂ ਨੇ ਇਸ ਛੁੱਟੀ ਲਈ ਪਹਿਲਾਂ ਹੀ ਅਪਲਾਈ ਕੀਤਾ ਸੀ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਰੋਪੜ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਬਹਿਸ ਸਬੰਧੀ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲ ਰਹੇ ਹਨ।

ਮਨਦੀਪ ਸਿੰਘ ਸਿੱਧੂ ਦੇ ਸਪੱਸ਼ਟੀਕਰਨ ਦੇ ਬਾਵਜੂਦ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ – ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਬਹਿਸ ਵਾਲੇ ਦਿਨ ਡਿਊਟੀ ਤੋਂ “ਰਿਲੀਫ਼” ਕਰ ਦਿੱਤਾ ਗਿਆ ਹੈ ਕਿਉਂਕਿ ਸਰਕਾਰ ‘ਸ਼ਾਮ’ ਬਹਿਸ ਤੋਂ ਪਹਿਲਾਂ ਸ਼ਹਿਰ ‘ਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੀ ਹੈ।

ਵਿਰੋਧੀ ਨੇਤਾਵਾਂ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ- ਭਗਵਾਨ ਕ੍ਰਿਸ਼ਨ ਨੇ ਅਰਜੁਨ ਨਾਲ ਜਨਤਕ ਅਖਾੜੇ ‘ਚ ਫਰਜ਼ ਅਤੇ ਧਰਮ ਦੇ ਵਿਚਾਰਾਂ ‘ਤੇ ਬਹਿਸ ਕੀਤੀ। ਸਿੱਖ ਗੁਰੂਆਂ ਨੇ ਗੋਸ਼ਟੀ ਦੀ ਮਹਾਨ ਪਰੰਪਰਾ ਦੀ ਸਥਾਪਨਾ ਕੀਤੀ। ਮੁੱਖ ਮੰਤਰੀ ਨੂੰ ਜਨਤਕ ਬਹਿਸ ਦੇ ਵਿਚਾਰ ਨੂੰ ਸਸਤਾ ਨਹੀਂ ਕਰਨਾ ਚਾਹੀਦਾ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ-ਲੁਧਿਆਣਾ ਵਿੱਚ ਲੋਕਾਂ ਅਤੇ ਵਿਰੋਧੀ ਧਿਰ ਦੇ ਆਗੂਆਂ ‘ਤੇ ਕਰਫਿਊ ਲਾਉਣ ਲਈ ਅਫਸਰਾਂ ਦੀ ਵੱਡੀ ਫੌਜ ਡਿਊਟੀ ‘ਤੇ ਲਗਾਈ ਜਾ ਰਹੀ ਹੈ। CM ਦੇ ਹੁਕਮਾਂ ‘ਤੇ ਲੁਧਿਆਣਾ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ |ਭਗਵੰਤ ਮਾਨ ਦੱਸਣ ਕੀ ਉਨ੍ਹਾਂ ਨੂੰ ਪੰਜਾਬੀਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੈ?