ਪਹਿਲੀ ਵਾਰ ਪੰਜਾਬ ਵਿਧਾਨ ਸਭਾ ਸੈਸ਼ਨ ਹੋਵੇਗਾ ਚੰਡੀਗੜ੍ਹ ਤੋਂ ਬਾਹਰ, ਹੋਣਗੇ ਵਿਸ਼ੇਸ਼ ਐਲਾਨ

Updated On: 

24 Nov 2025 06:54 AM IST

Punjab Assembly Sri Anandpur Sahib Special Session: ਇਹ ਸੈਸ਼ਨ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹਾਦਤ ਸ਼ਤਾਬਦੀ ਦਾ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਇਹ ਸਦਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੇ ਇਤਿਹਾਸਕ ਮੌਕੇ ਤੇ ਮਹਾਨ ਸਿੱਖ ਗੁਰੂ ਪ੍ਰਤੀ ਆਪਣੀ ਡੂੰਘੀ ਸ਼ਰਧਾ ਤੇ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਸਤਿਕਾਰ, ਭਾਵਨਾ ਤੇ ਵਿਸ਼ਵਾਸ ਨਾਲ ਨਿਮਰਤਾ ਸਹਿਤ ਸੀਸ ਝੁਕਾਉਂਦਾ ਹੈ।

ਪਹਿਲੀ ਵਾਰ ਪੰਜਾਬ ਵਿਧਾਨ ਸਭਾ ਸੈਸ਼ਨ ਹੋਵੇਗਾ ਚੰਡੀਗੜ੍ਹ ਤੋਂ ਬਾਹਰ, ਹੋਣਗੇ ਵਿਸ਼ੇਸ਼ ਐਲਾਨ

ਪੁਰਾਣੀ ਤਸਵੀਰ

Follow Us On

ਪੰਜਾਬ ਦੇ ਇਤਿਹਾਸ ‘ਚ ਅੱਜ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਸੈਸ਼ਨ ਹੋਵੇਗਾ। ਇਹ ਸੈਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਸੈਸ਼ਨ ‘ਚ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾਂ ਰੂਪਨਗਰ ਸਬੰਧੀ ਕੁੱਝ ਐਲਾਨ ਕੀਤੇ ਜਾ ਸਕਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿ ਚੁੱਕੇ ਹਨ ਕਿ ਸੈਸ਼ਨ ਦੌਰਾਨ ਵੱਡੇ ਐਲਾਨ ਹੋਣਗੇ। ਹਾਲਾਂਕਿ, ਵਿਧਾਨ ਸਭਾ ਵੱਲੋਂ ਜੋ ਸੈਸ਼ਨ ਦੀ ਕਾਰਵਾਈ ਜਾਰੀ ਕੀਤੀ ਗਈ ਹੈ, ਉਸ ‘ਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਜਾਂ ਜ਼ੀਰੋ ਆਵਰ ਕੁੱਝ ਨਹੀਂ ਹੋਵੇਗਾ।

ਇਹ ਸੈਸ਼ਨ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹਾਦਤ ਸ਼ਤਾਬਦੀ ਦਾ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਇਹ ਸਦਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੇ ਇਤਿਹਾਸਕ ਮੌਕੇ ਤੇ ਮਹਾਨ ਸਿੱਖ ਗੁਰੂ ਪ੍ਰਤੀ ਆਪਣੀ ਡੂੰਘੀ ਸ਼ਰਧਾ ਤੇ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਸਤਿਕਾਰ, ਭਾਵਨਾ ਤੇ ਵਿਸ਼ਵਾਸ ਨਾਲ ਨਿਮਰਤਾ ਸਹਿਤ ਸੀਸ ਝੁਕਾਉਂਦਾ ਹੈ।

ਪ੍ਰਸਤਾਵ ‘ਚ ਕੀ ਕਿਹਾ ਗਿਆ?

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰਾਂ ਅਤੇ ਸਵੈਮਾਨ ਦੇ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ। ਉਨ੍ਹਾਂ ਦੀ ਸਰਵਉੱਚ ਕੁਰਬਾਨੀ ਪੀੜੀਆਂ ਲਈ ਪ੍ਰੇਰਨਾ ਦਾ ਚਾਨਣ ਮੁਨਾਰਾ ਰਹੀ ਹੈ, ਜਿਸ ਨੇ ਸੂਰਬੀਰਤਾ, ਹਮਦਰਦੀ ਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਕਦਰਾਂ-ਕੀਮਤਾਂ ਨੂੰ ਉਤਸਾਹਿਤ ਕੀਤਾ ਹੈ।

ਪੰਜਾਬ ਦੇ ਲੋਕ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਉਹ ਗੁਰੂ ਜੀ ਦੀ ਅਮੀਰ ਅਧਿਆਤਮਿਕ ਵਿਰਾਸਤ ਦੇ ਖੇਤਰ ‘ਚ ਪਾਏ ਵੰਡਮੁੱਲੇ ਯੋਗਦਾਨ ਤੇ ਅਤਿਅੰਤ ਮਾਣ ਮਹਿਸੂਸ ਕਰਦੇ ਹਨ। ਇਸ ਲਈ ਇਹ ਸਦਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਉਨ੍ਹਾਂ ਦੀ ਸ਼ਹੀਦੀ ਦੀ 350ਵੀਂ ਵਰ੍ਹੇਗੰਢ ਤੇ ਪੂਰੀ ਗੰਭੀਰਤਾ ਤੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਸਨਮਾਨ ਸਹਿਤ ਯਾਦ ਕਰਦਾ ਹੈ।

ਇਸ ਮੌਕੇ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਤੇ ਪ੍ਰੋਗਰਾਮਾਂ ਦੇ ਆਯੋਜਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਾ ਹੈ, ਜਿਸ ‘ਚ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਦੇ ਨਾਲ-ਨਾਲ ਨਗਰ ਕੀਰਤਨ ਕੀਰਤਨ ਦਰਬਾਰ ਤੇ ਗੁਰੂ ਸਾਹਿਬ ਦੇ ਜੀਵਨ ਤੇ ਵਿਰਾਸਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸੋਅ/ਡਰੇਨ ਸ਼ੈਅ ਤੇ ਸਰਵ ਧਰਮ ਸੰਮੇਲਨ ਸ਼ਾਮਲ ਹਨ।

ਇਹ ਸਦਨ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਏ ਗਏ ਧਰਮ ਨਿਰਪੱਖਤਾ ਵਿਸ਼ਵਵਿਆਪੀ ਭਾਈਚਾਰੇ ਤੇ ਮਨੁੱਖੀ ਅਧਿਕਾਰਾਂ ਦੇ ਮੁੱਲਾਂ ਦੇ ਸਿਧਾਤਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣ ਦੀ ਅਪੀਲ ਕਰਦਾ ਹੈ। ਇਹ ਸਦਨ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਖੁਸ਼ਹਾਲੀ, ਸਮਾਜ ‘ਚ ਸ਼ਾਂਤੀ, ਸਹਿਣਸ਼ੀਲਤਾ ਤੇ ਸਦਭਾਵਨਾ ਨੂੰ ਉਤਸਾਹਿਤ ਕਰਨ ਲਈ ਕੰਮ ਕਰਨ ਦਾ ਸੰਕਲਪ ਕਰਦਾ ਹੈ।