ਪੰਜਾਬ ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕਿਸਾਨ ਭਵਨ ‘ਚ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਫੈਸਲਾ

Updated On: 

08 Apr 2026 14:58 PM IST

ਮੀਟਿੰਗ 'ਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੌਜੂਦ ਸਨ। ਸਰਕਾਰ ਨਾਲ ਇਸ ਮੀਟਿੰਗ ਕਰਦੇ ਹੋਏ ਆੜ੍ਹਤੀਆਂ ਨੇ ਹੜਤਾਲ ਵਾਪਸ ਲੈਣ ਦਾ ਫੈਸਲਾ ਲਿਆ ਹੈ। ਹਾਲਾਂਕਿ, ਆੜ੍ਹਤੀਆਂ ਦਾ ਕਹਿਣਾ ਹੈ ਕਿ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ।

ਪੰਜਾਬ ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕਿਸਾਨ ਭਵਨ ਚ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਫੈਸਲਾ

ਦਾਣਾ ਮੰਡੀ ਦੀ ਤਸਵੀਰ (ਫਾਈਲ ਫੋਟੋ)

ਬੀਤੇ ਇੱਕ ਹਫ਼ਤੇ ਤੋਂ ਹੜਤਾਲ ‘ਤੇ ਚੱਲ ਰਹੇ, ਪੰਜਾਬ ਦੇ ਆੜ੍ਹਤੀਆਂ ਨੇ ਹੁਣ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੇ ਆੜ੍ਹਤੀਆਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ‘ਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੌਜੂਦ ਸਨ। ਸਰਕਾਰ ਨਾਲ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਕਿਹਾ ਕਿ ਹੜਤਾਲ ਖ਼ਤਮ ਨਹੀਂ, ਸਗੋਂ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਪੰਜਾਬ ਆੜ੍ਹਤੀ ਐਸੋਸਿਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਕੇਂਦਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਵੱਖ-ਵੱਖ ਸੂਬਿਆਂ ‘ਚ ਚੋਣਾਂ ਚੱਲ ਰਹੀਆਂ ਹਨ, ਕੇਂਦਰ ਲੀਡਰਸ਼ਿਪ ਚੋਣਾਂ ‘ਚ ਐਕਟਿਵ ਹੈ। ਚੋਣਾਂ ਮੁਕੰਮਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਗਿਆ ਹੈ, ਜਿਸ ਤੋਂ ਬਾਅਦ ਆੜ੍ਹਤੀਆਂ ਨੇ ਹੜ੍ਹਤਾਲ ਵਾਪਸ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਯਕੀਨ ਦਿਵਾਉਣ ਤੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਸੀਂ ਹੜਤਾਲ ਮੁਲਤਵੀ ਕਰ ਦਿੱਤੀ ਹੈ।

ਵਿਜੇ ਕਾਲਰਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਫਸਲ ਆਉਣ ਤੇ ਆੜ੍ਹਤੀ ਹੜਤਾਲ ‘ਤੇ ਚਲੇ ਗਏ ਹਨ ਤੇ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਅਸੀਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸਾਨਾਂ ਦੀ ਫਸਲ ਚੁੱਕਾਂਗੇ ਤੇ ਫਿਰ ਇਸ ਤੋਂ ਬਾਅਦ ਦੁਬਾਰਾ ਆਪਣੀ ਹੜਤਾਲ ਕਰਾਂਗੇ।

ਸੀਐਮ ਮਾਨ ਨੇ ਆੜ੍ਹਤੀਆਂ ਦੀ ਮੰਗੇ ‘ਤੇ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆੜ੍ਹਤੀਆਂ ਨਾਲ ਜੁੜੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਆੜ੍ਹਤੀਆਂ ਦੀ ਮੰਗ ਬਾਰੇ ਫੈਸਲਾ ਲੈਣਾ ਚਾਹੀਦਾ ਹੈ। ਮੈਂ ਕੇਂਦਰ ਨੂੰ ਚਿੱਠੀਆਂ ਵੀ ਲਿੱਖ ਚੁੱਕਿਆ ਹਾਂ। ਇਸ ਤੋਂ ਇਲਾਵਾ ਖਾੜੀ ਤਣਾਅ ਦੇ ਚੱਲਦੇ ਕੇਂਦਰ ਵੱਲੋਂ ਬੁਲਾਈ ਗਈ ਮੀਟਿੰਗ ਦੌਰਾਨ ਵੀ ਮੈਂ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਮੀਟਿੰਗ ਚ ਕਿਹਾ ਸੀ ਕਿ ਪੰਜਾਬ ਚ ਫਸਲ ਦੀ ਚੁਕਾਈ ਕਰੋ। ਅਸੀਂ ਪੀਡੀਐਸ ਚ 125 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ, ਪਰ ਉਸ ਨੂੰ ਚੁੱਕਣ ਦਾ ਪ੍ਰਬੰਧ ਕਰੋ ਤੇ ਆੜ੍ਹਤੀਆਂ ਨਾਲ ਕੇਂਦਰ ਗੱਲ ਕਰੇ।

ਸੀਐਮ ਮਾਨ ਦਾ ਕਹਿਣਾ ਹੈ ਕਿ ਆੜ੍ਹਤੀਆਂ ਦਾ ਪੰਜਾਬ ਸਰਕਾਰ ਨਾਲ ਕੋਈ ਮੁੱਦਾ ਨਹੀਂ ਹੈ। ਫਿਰ ਵੀ ਅਸੀਂ ਉਨ੍ਹਾਂ ਨਾਲ ਮੁਲਾਕਾਤ ਕਰਾਂਗਾ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਈ ਵਾਰ ਪੰਜਾਬ ਦੇ ਲਈ ਵਾਧੇ-ਘਾਟੇ ਝੱਲਣੇ ਪੈਂਦੇ ਹਨ। ਪਰ, ਅਜਿਹਾ ਨਹੀਂ ਹੋਵੇਗਾ ਕਿ ਸਰਕਾਰ ਨੂੰ ਬਲੈਕਮੇਲ ਜਾਂ ਧੌਣ ਤੇ ਗੋਡਾ ਰੱਖ ਕੇ ਮੰਗਾਂ ਕਰੋ। ਜਿਹੜੀ ਚੀਜ਼ ਸਾਡੇ ਹੱਥ ਚ ਹੈ ਹੀ ਨਹੀਂ ਉਸ ਦਾ ਹੱਲ ਨਹੀਂ ਕਰ ਸਕਦੇ। ਸੀਐਮ ਮਾਨ ਨੇ ਕਿਹਾ ਕਿ ਆੜ੍ਹਤੀ ਇਹ ਨਾ ਸੋਚਣ ਕਿ ਹੁਣ ਕਣਕ ਆ ਗਈ ਹੈ ਤੇ ਅਸੀਂ ਬਲੈਕਮੇਲਿੰਗ ਤੇ ਧੌਣ ਤੇ ਗੋਡਾ ਰੱਖ ਕੇ ਮੰਗਾਂ ਮਨਾ ਲਾਵਾਂਗੇ। ਉਨ੍ਹਾਂ ਨੇ ਕਿਹਾ ਕਿ ਹੁਣ ਗੋਡੇ-ਗੁਡੇ ਵਾਲਾ ਕੰਮ ਚਲਾ ਗਿਆ ਹੈ।

Follow Us