ਮਨਪ੍ਰੀਤ ਬਾਦਲ ਦੀ ਧੀ ਰੀਆ ਦਾ ਸ਼ਾਹੀ ਵਿਆਹ, PM ਮੋਦੀ ਸਮੇਤ ਕਈ ਵੱਡੇ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ
Rhea Badal Wedding: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ।
ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ 'ਚ ਪਹੁੰਚੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਵਿਆਹ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਆਗੂਆਂ ਨੇ ਵੀ ਨਵ-ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ।
ਇਹ ਸਮਾਗਮ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੇ ਲੁਟੀਅਨਜ਼ ਦਿੱਲੀ ਸਥਿਤ ਨਿੱਜੀ ਰਿਹਾਇਸ਼ ‘ਤੇ ਕਰਵਾਇਆ ਗਿਆ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋਇਆ।
ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਧੀ ਦੇ ਵਿਆਹ ਦਾ ਨਿੱਜੀ ਸੱਦਾ ਦਿੱਤਾ ਸੀ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀਨੂ ਬਾਦਲ, ਪੁੱਤਰ ਅਤੇ ਧੀ ਰੀਆ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ।
ਅਮਿਤ ਸ਼ਾਹ ਨਹੀਂ ਪਹੁੰਚੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ, ਪਰ ਛੱਤੀਸਗੜ੍ਹ ਵਿੱਚ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਉਹ ਨਹੀਂ ਪਹੁੰਚ ਸਕੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਸਮਾਗਮ ਵਿੱਚ ਪਹੁੰਚੇ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ, ਸਾਬਕਾ ਲੋਕ ਸਭਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਸਮਾਗਮ ਵਿੱਚ ਮੌਜੂਦ ਰਹੇ। ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਵੀ ਰਿਸੈਪਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਸਵੀਰਾਂ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ
ਕੌਣ ਹਨ ਲਾੜਾ-ਲਾੜੀ? ਜਾਣੋ…
ਕਿਸ ਨਾਲ ਹੋ ਰਿਹਾ ਹੈ ਵਿਆਹ?
ਕੁੰਵਰ ਮਾਰਤੰਡ ਜੰਮੂ-ਕਸ਼ਮੀਰ ਦੇ ਆਖਰੀ ਸ਼ਾਸਕ ਮਹਾਰਾਜਾ ਹਰੀ ਸਿੰਘ ਦੇ ਪੜਪੋਤੇ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਕਰਨ ਸਿੰਘ ਦੇ ਪੋਤੇ ਹਨ। ਮਾਰਤੰਡ ਸਿੰਘ ਦੇ ਪਿਤਾ ਸਾਬਕਾ MLC ਵਿਕਰਮਾਦਿੱਤਿਆ ਸਿੰਘ ਹਨ, ਜੋ ਜੰਮੂ-ਕਸ਼ਮੀਰ ਦੇ ਡੋਗਰਾ ਰਾਜਵੰਸ਼ ਦੇ ਸੀਨੀਅਰ ਵਾਰਸ ਹਨ। ਮਾਰਤੰਡ ਸਿੰਘ ਦੀ ਮਾਤਾ ਚਿੱਤਰਾਂਗਦਾ ਸਿੰਘ ਹਨ, ਜੋ ਕਾਂਗਰਸ ਦੇ ਦਿੱਗਜ ਆਗੂ ਸਵਰਗੀ ਮਾਧਵਰਾਓ ਸਿੰਧੀਆ ਦੀ ਧੀ ਅਤੇ ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਦੀ ਭੈਣ ਹਨ। ਮਾਰਤੰਡ ਦੀ ਭੈਣ ਮ੍ਰਿਗਾਂਕਾ ਸਿੰਘ ਦਾ ਵਿਆਹ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਨਾਲ ਹੋਇਆ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਹੈ ਰੀਆ
ਰੀਆ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਹੈ। ਉਨ੍ਹਾਂ ਦੇ ਪਿਤਾ ਮਨਪ੍ਰੀਤ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ। ਰੀਆ ਬਾਦਲ ਨੇ ਨਿਊਯਾਰਕ ਯੂਨੀਵਰਸਿਟੀ (NYU) ਤੋਂ ਮੀਡੀਆ, ਕਲਚਰ ਅਤੇ ਕਮਿਊਨੀਕੇਸ਼ਨ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਹੈ। ਉੱਥੇ ਹੀ ਮਾਰਤੰਡ ਸਿੰਘ ਨੇ ਵਿਦੇਸ਼ ਤੋਂ ਉੱਚ ਸਿੱਖਿਆ ਪੂਰੀ ਕੀਤੀ ਹੈ ਅਤੇ ਉਹ ਹੈਰੀਟੇਜ ਕੰਜ਼ਰਵੇਸ਼ਨ ਦੇ ਨਾਲ-ਨਾਲ ਆਪਣੇ ਪਰਿਵਾਰਕ ਟਰੱਸਟਾਂ ਦੇ ਸੰਚਾਲਨ ਨਾਲ ਜੁੜੇ ਹੋਏ ਹਨ।
