ਪੀ ਏ ਯੂ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਕਿਸਾਨ ਮੇਲਾ ਆਯੋਜਿਤ | PAU, Ludhiana organized Kisan Mela at village Chatha Nannahera of Sangrur district Punjabi news - TV9 Punjabi

PAU Ludhiana: ਪੀ ਏ ਯੂ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਕਿਸਾਨ ਮੇਲਾ ਆਯੋਜਿਤ

Published: 

26 Feb 2023 10:42 AM

ਕਿਸਾਨ ਮੇਲੇ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ ਜਸਕੰਵਲ ਸਿੰਘ ਅਤੇ ਲੀਡ ਬੈਂਕ ਮੈਨੇਜਰ ਸ਼੍ਰੀ ਸੰਜੀਵ ਕੁਮਾਰ ਨੇ ਵੀ ਸੰਬੋਧਨ ਕੀਤਾ। ਡਾ. ਪੰਕਜ ਕੁਮਾਰ, ਪਸਾਰ ਸਿੱਖਿਆ ਵਿਭਾਗ, ਪੀ ਏ ਯੂ ਵੀ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਮੌਜੂਦ ਰਹੇ। ਇਸ ਕਿਸਾਨ ਮੇਲੇ ਵਿੱਚ 30 ਤੋਂ ਵੱਧ ਸ਼ੈਲਫ਼ ਹੈਲਪ ਗਰੁੱਪਾਂ ਅਤੇ ਕਿਸਾਨ ਉੱਦਮੀਆਂ ਨੇ ਖੇਤੀ ਨੁਮਾਇਸ਼ਾਂ ਲਗਾਈਆਂ।

PAU Ludhiana: ਪੀ ਏ ਯੂ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਕਿਸਾਨ ਮੇਲਾ ਆਯੋਜਿਤ

ਪੀ ਏ ਯੂ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਕਿਸਾਨ ਮੇਲਾ ਆਯੋਜਿਤ | PAU, Ludhiana organized Kisan Mela at village Chatha Nannahera of Sangrur district

Follow Us On

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਅਤੇ ਪਸਾਰ ਸਿੱਖਿਆ ਵਿਭਾਗ, ਪੀ ਏ ਯੂ, ਲੁਧਿਆਣਾ ਦੇ ਸਾਂਝੇ ਯਤਨਾਂ ਅਤੇ ਪੰਜਾਬ ਰਾਜ ਬੀਜ ਨਿਗਮ (ਪਨਸੀਡ), ਮੋਹਾਲੀ ਦੇ ਵਿਸ਼ੇਸ਼ ਸਹਿਯੋਗ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਫ਼ਸਲੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ, ਖੇਤੀ ਸਹਾਇਕ ਧੰਦਿਆਂ ਅਤੇ ਖੇਤੀ ਵਿਭਿੰਨਤਾ ਵਿਸ਼ੇ ਨੂੰ ਸਮਰਪਿਤ ਸੀ ਆਰ ਐਮ ਪ੍ਰੋਜੈਕਟ ਅਧੀਨ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਾ. ਸਤਿਬੀਰ ਸਿੰਘ ਗੋਸਲ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਸ. ਮਹਿੰਦਰ ਸਿੰਘ ਸਿੱਧੂ, ਚੇਅਰਮੈਨ, ਪਨਸੀਡ, ਪੰਜਾਬ ਅਤੇ ਮੈਂਬਰ ਖੇਤੀਬਾੜੀ ਨੀਤੀ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਕਿਸਾਨ ਮੇਲੇ ਵਿੱਚ ਸ. ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਸੰਗਰੂਰ, ਡਾ ਅਸ਼ੋਕ ਕੁਮਾਰ, ਸਾਬਕਾ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ, ਪੀ ਏ ਯੂ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਪੀ ਏ ਯੂ ਲੁਧਿਆਣਾ ਨੇ ਕੀਤੀ ਕਿਸਾਨ ਮੇਲੇ ਦੀ ਪ੍ਰਧਾਨਗੀ

ਇਸ ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਲੁਧਿਆਣਾ ਨੇ ਕੀਤੀ। ਕਿਸਾਨ ਮੇਲੇ ਦੇ ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ, ਉਪ ਕੁਲਪਤੀ, ਪੀ ਏ ਯੂ, ਲੁਧਿਆਣਾ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਘਟਾ ਕੇ ਸਬਜ਼ੀਆਂ, ਫ਼ਲਾਂ ਅਤੇ ਸਹਾਇਕ ਧੰਦਿਆਂ ਵੱਲ ਮੋੜਾ ਕੱਟ ਕੇ ਖੇਤੀ ਵਿਭਿੰਨਤਾ ਅਪਣਾਉਣ ਤੇ ਜ਼ੋਰ ਦਿੱਤਾ। ਉਹਨਾਂ ਕਿਸਾਨਾਂ ਨੂੰ ਪੀ ਏ ਯੂ ਵੱਲੋਂ ਵਿਕਸਤ ਸੰਯੁਕਤ ਖੇਤੀਬਾੜੀ ਮਾਡਲ ਅਪਣਾ ਕੇ ਘਰੇਲੂ ਜ਼ਰੂਰਤਾਂ ਖੇਤ ਵਿੱਚੋਂ ਹੀ ਪੂਰੀਆਂ ਕਰਨ ਦਾ ਵੀ ਸੱਦਾ ਦਿੱਤਾ।

ਫਸਲਾਂ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਉਂਣ ਦੀ ਦਿੱਤੀ ਸਲਾਹ

ਡਾ. ਗੋਸਲ ਨੇ ਕਣਕ ਦੀ ਫ਼ਸਲ ਨੂੰ ਵੱਧ ਰਹੇ ਤਾਪਮਾਨ ਨੂੰ ਬਚਾਉਣ ਲਈ ਪੀ ਏ ਯੂ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਮਿੱਟੀ ਦੀ ਕਿਸਮ ਮੁਤਾਬਿਕ ਹਲਕਾ ਪਾਣੀ ਲਾਉਣ ਅਤੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਸਪਰੇਅ ਕਰਨ ਦੀ ਵੀ ਸਲਾਹ ਦਿੱਤੀ। ਉਹਨਾਂ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਿਊ 826 ਦੇ ਗੁਣਾਂ ਦਾ ਵੀ ਜ਼ਿਕਰ ਕੀਤਾ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਪੀ ਆਰ 126 ਹੇਠ ਰਕਬਾ ਵਧਾਉਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਗਰਮੀ ਰੁੱਤ ਦੀ ਮੱਕੀ ਨੂੰ ਬੈਡਾਂ ਉੱਤੇ ਅਤੇ ਤੁਪਕਾ ਸਿੰਜਾਈ ਵਿਧੀ ਨਾਲ ਲਾਉਣ ਬਾਰੇ ਵੀ ਨਸੀਹਤ ਦਿੱਤੀ।

ਪਰਾਲੀ ਨਾ ਸਾੜਨ ਦੀ ਦਿੱਤੀ ਗਈ ਸਲਾਹ

ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸ. ਵਿੰਦਰ ਸਿੰਘ ਅਤੇ ਸ. ਖੁਸ਼ੀਆ ਸਿੰਘ ਦੇ ਸਬਜ਼ੀ ਫਾਰਮ ਅਤੇ ਸ. ਨਿਰਭੈ ਸਿੰਘ ਅਤੇ ਸ. ਦਾਰਾ ਸਿੰਘ ਦੇ ਖੁੰਬ ਅਤੇ ਸ਼ਹਿਦ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਇਹਨਾਂ ਦੇ ਖੇਤੀ ਉੱਦਮਾਂ ਦੀ ਖੂਬ ਸ਼ਲਾਘਾ ਕੀਤੀ ਗਈ। ਅਖੀਰ ਵਿੱਚ ਖੇਤੀ ਵਿਭਿੰਨਤਾ ਦੇ ਰੋਲ ਮਾਡਲ, ਝੋਨੇ ਦੀ ਪਰਾਲੀ ਨਾ ਸਾੜਨ ਅਤੇ ਸਹਾਇਕ ਧੰਦੇ ਅਪਨਾਉਣ ਵਾਲੇ 20 ਕਿਸਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਖੁੰਬਾਂ ਦੀ ਸਫਲ ਟਰੇਨਿੰਗ ਕਰਨ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਦਿੱਤੇ ਗਏ। ਕਿਸਾਨ ਮੇਲੇ ਦੀ ਕਾਮਯਾਬੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਫਾਰਮਰ ਫਸਟ ਪ੍ਰੋਜੈਕਟ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰ ਦਿੱਤਾ। ਫਾਰਮਰ ਫਸਟ ਪ੍ਰੋਜੈਕਟ ਦੇ ਫੀਲਡ ਸੁਪਰਵਾਈਜ਼ਰਾਂ ਸ. ਸੰਦੀਪ ਸਿੰਘ ਅਤੇ ਸ੍ਰੀ ਰਵੀ ਸ਼ੰਕਰ ਨੇ ਜ਼ਿਕਰਯੋਗ ਮਿਹਨਤ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version