ਪਟਿਆਲਾ ‘ਚ ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, 2 ਸੱਕੇ ਭਰਾਵਾਂ ਦੀ ਮੌਤ, ਤਿੰਨ ਜਖ਼ਮੀ
ਇਸ ਬਰਸਾਤ ਨੇ ਇੱਕ ਵਾਰ ਫਿਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿਉਂਕਿ 10 ਜੁਲਾਈ ਦੇ ਹੜ੍ਹ ਤੋਂ ਬਾਅਦ ਸੀਵਰੇਜ ਲਾਈਨਾਂ ਅਤੇ ਨਾਲਿਆਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪਰ ਇਹ ਸਭ ਖੋਖਲੇ ਸਾਬਤ ਹੋ ਰਹੇ ਹਨ।
ਬੁੱਧਵਾਰ ਸਵੇਰੇ ਕਰੀਬ 7.30 ਵਜੇ ਪਟਿਆਲਾ ‘ਚ ਭਾਰੀ ਮੀਂਹ (Heavy Rain) ਪਿਆ। ਮੀਂਹ ਕਾਰਨ ਰਾਘੋਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ (Roof Collapse) ਡਿੱਗ ਗਈ। ਇਸ ਹਾਦਸੇ ‘ਚ ਘਰ ‘ਚ ਸੁੱਤੇ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਾਰਿਸ਼ ਕਾਰਨ ਜੈਕਬ ਡਰੇਨ ਦੇ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਪ੍ਰਵਾਸੀ ਮਜ਼ਦੂਰ ਰਾਘੋਮਾਜਰਾ ਇਲਾਕੇ ਵਿੱਚ ਜੰਗੀ ਜੱਥਾ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਇਸ ਪੁਰਾਣੇ ਮਕਾਨ ਦੀ ਛੱਤ ਡਿੱਗੀ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁੰਨਾ ਲਾਲ ਅਤੇ ਰਮਾ ਸ਼ੰਕਰ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿੱਚ ਗੰਗਾ ਰਾਮ, ਸੰਤੋਸ਼ ਕੁਮਾਰ ਅਤੇ ਚਿਰੰਜੀ ਲਾਲ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਹੇ ਪਟਿਆਲਾ ਦੇ ਲੋਕ ਡਰੇ ਹੋਏ ਹਨ।
ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ
ਬੁੱਧਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਪਟਿਆਲਾ ਸ਼ਹਿਰ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਸ਼ਹਿਰ ਦੇ ਮੁੱਖ ਚੌਰਾਹਿਆਂ, ਬਾਜ਼ਾਰਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਇਨ੍ਹਾਂ ਵਿੱਚ ਖਾਸ ਕਰਕੇ ਰਾਘੋਮਾਜਰਾ, ਅਨਾਰਦਾਨਾ ਚੌਕ, ਆਰੀਆ ਸਮਾਜ ਚੌਕ, ਤ੍ਰਿਪੜੀ, ਗੁਰੂ ਨਾਨਕ ਨਗਰ, ਬਾਬਾ ਦੀਪ ਸਿੰਘ ਨਗਰ ਸ਼ਾਮਲ ਹਨ। ਨੀਵੇਂ ਇਲਾਕਿਆਂ ‘ਚ ਪਾਣੀ ਲੋਕਾਂ ਦੇ ਘਰਾਂ ‘ਚ ਵੀ ਵੜ ਗਿਆ ਹੈ, ਜਿਸ ਕਾਰਨ ਲੋਕ ਭਾਰੀ ਦਹਿਸ਼ਤ ‘ਚ ਹਨ |
ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹੇ ਗਏ
ਬਰਸਾਤ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਕਾਲਾ ਚੁੰਗੀ ਨੇੜੇ ਸ਼ੀਸ਼ਮਹਿਲ ਦੇ ਪਿੱਛੇ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ, ਤਾਂ ਜੋ ਸ਼ਹਿਰ ਵਿੱਚ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਵੱਡੀ ਨਦੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਉਪਰ ਹੋਣ ਕਾਰਨ ਇਹ ਪਾਣੀ ਜੈਕਬ ਡਰੇਨ ਰਾਹੀਂ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕਿਆ, ਇਸ ਲਈ ਗੇਟ ਬੰਦ ਕਰ ਦਿੱਤੇ ਗਏ ਹਨ। ਪਰ ਹੁਣ ਸ਼ਹਿਰ ਵਿੱਚ ਭਰੇ ਪਾਣੀ ਦੀ ਨਿਕਾਸੀ ਲਈ ਇਹ ਗੇਟ ਖੋਲ੍ਹ ਦਿੱਤੇ ਗਏ ਹਨ।
ਇਹ ਵੀ ਪੜ੍ਹੋ
ਇਹ ਪਾਣੀ ਜੈਕਬ ਡਰੇਨ ਰਾਹੀਂ ਵੱਡੀ ਨਦੀ ਵਿੱਚ ਜਾਵੇਗਾ। ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਅਨੁਸਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਪਰ ਸੀਵਰੇਜ ਦੀਆਂ ਪਾਈਪਾਂ ਦੀ ਸਫਾਈ ਲਈ ਟੀਮਾਂ ਭੇਜ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ