ਹਿਮਾਚਲ ‘ਚ ਕੁਦਰਤ ਦੀ ਤਬਾਹੀ, ਹੁਣ ਤੱਕ 71 ਦੀ ਮੌਤ, 10 ਹਜ਼ਾਰ ਕਰੋੜ ਦਾ ਨੁਕਸਾਨ, ਕੀ ਬੋਲੇ ਸੀਐੱਮ ਸੁੱਖੂ? ਜਾਣੋ

Updated On: 

17 Aug 2023 07:33 AM

Himachal Disaster: ਸੀਐਮ ਸੁੱਖੂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹਿਮਾਚਲ ਵਿੱਚ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਠੀਕ ਕਰਨ ਵਿੱਚ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੂਬੇ ਨੂੰ ਹੁਣ ਤੱਕ ਕਰੀਬ 10,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹਿਮਾਚਲ ਚ ਕੁਦਰਤ ਦੀ ਤਬਾਹੀ, ਹੁਣ ਤੱਕ 71 ਦੀ ਮੌਤ, 10 ਹਜ਼ਾਰ ਕਰੋੜ ਦਾ ਨੁਕਸਾਨ, ਕੀ ਬੋਲੇ ਸੀਐੱਮ ਸੁੱਖੂ? ਜਾਣੋ
Follow Us On

ਹਿਮਾਚਲ ਪ੍ਰਦੇਸ਼ ‘ਚ ਮੀਂਹ ਕਾਰਨ ਪਿਛਲੇ ਤਿੰਨ ਦਿਨਾਂ ‘ਚ ਹੁਣ ਤੱਕ 71 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਲੋਕ ਅਜੇ ਵੀ ਲਾਪਤਾ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਮੁੜ ਨਿਰਮਾਣ ਕਰਨਾ ਪਹਾੜ ਵਰਗੀ ਚੁਣੌਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਮਲਾ ‘ਚ ਸਮਰ ਹਿੱਲ ਨੇੜੇ ਸ਼ਿਵ ਮੰਦਰ ਦੇ ਮਲਬੇ ‘ਚੋਂ ਇਕ ਹੋਰ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਨਾਲ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ‘ਚ ਜਾਨ ਗਵਾਉਣ ਵਾਲੇ 57 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ‘ਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਸੂਬੇ ‘ਚ ਐਤਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ਖੇਤਰਾਂ ‘ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਪਿਛਲੇ ਤਿੰਨ ਦਿਨਾਂ ਵਿੱਚ 71 ਲੋਕਾਂ ਦੀ ਮੌਤ

ਪ੍ਰਮੁੱਖ ਸਕੱਤਰ (ਮਾਲ) ਓਂਕਾਰ ਚੰਦ ਸ਼ਰਮਾ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ 71 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13 ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਐਤਵਾਰ ਰਾਤ ਤੋਂ ਹੁਣ ਤੱਕ 57 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਸੀਐਮ ਸੁੱਖੂ (CM Sukhwinder Sukhu) ਨੇ ਕਿਹਾ ਕਿ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਤਬਾਹ ਹੋਏ ਬੁਨਿਆਦੀ ਢਾਂਚੇ ਦੀ ਮੁਰੰਮਤ ਵਿੱਚ ਇੱਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 10,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੀਐਮ ਨੇ ਕਿਹਾ ਕਿ ਇਹ ਇੱਕ ਵੱਡੀ ਚੁਣੌਤੀ ਹੈ।

10 ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਦੱਸਿਆ ਕਿ ਸਮਰ ਹਿੱਲ ਅਤੇ ਕ੍ਰਿਸ਼ਨਾ ਨਗਰ ਖੇਤਰਾਂ ‘ਚ ਬਚਾਅ ਕਾਰਜ ਜਾਰੀ ਹਨ ਅਤੇ ਇੱਥੋਂ ਇੱਕ ਲਾਸ਼ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਮਰ ਹਿੱਲ ਤੋਂ 13, ਫਾਗਲੀ ਤੋਂ ਪੰਜ ਅਤੇ ਕ੍ਰਿਸ਼ਨਾ ਨਗਰ ਤੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਸੋਮਵਾਰ ਨੂੰ ਸ਼ਿਵ ਮੰਦਿਰ ‘ਚ ਜ਼ਮੀਨ ਖਿਸਕਣ ਦੇ ਮਲਬੇ ਹੇਠਾਂ 10 ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।

Photo: PTI

15 ਘਰਾਂ ਨੂੰ ਕਰਵਾਇਆ ਗਿਆ ਖਾਲੀ

ਕ੍ਰਿਸ਼ਨਾ ਨਗਰ ‘ਚ ਕਰੀਬ 15 ਘਰਾਂ ਨੂੰ ਖਾਲੀ ਕਰਵਾ ਕੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਕਈ ਹੋਰ ਲੋਕਾਂ ਨੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੇ ਡਰੋਂ ਆਪਣੇ ਘਰ ਖਾਲੀ ਕਰ ਲਏ ਹਨ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਦੂਜੇ ਪਾਸੇ ਹਿਮਾਚਲ ਯੂਨੀਵਰਸਿਟੀ ਨੇ 19 ਅਗਸਤ ਤੱਕ ਅਕਾਦਮਿਕ ਗਤੀਵਿਧੀਆਂ ਮੁਅੱਤਲ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਹਿਮਾਚਲ ‘ਚ ਪਹਾੜਾਂ ਤੋਂ ਲੈ ਕੇ ਜ਼ਮੀਨ ਤੱਕ ਸਿਰਫ ਤਬਾਹੀ, ਇਹ ਵੀਡੀਓ ਤੁਹਾਨੂੰ ਡਰਾ ਦੇਵੇਗੀ

ਸੂਬੇ ਦੀਆਂ 800 ਸੜਕਾਂ ਬੰਦ

ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ‘ਚ ਕਰੀਬ 800 ਸੜਕਾਂ ਬੰਦ ਹਨ ਅਤੇ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 7200 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਮੰਡੀ, ਕੁੱਲੂ ਅਤੇ ਸ਼ਿਮਲਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪਿਆ ਸੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਸੀ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੇਂਦਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਅਤੇ ਨੁਕਸਾਨੇ ਗਏ ਢਾਂਚੇ ਦੀ ਰਾਹਤ ਅਤੇ ਮੁਰੰਮਤ ਦੇ ਕੰਮ ਲਈ 2,000 ਕਰੋੜ ਰੁਪਏ ਦਾ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ