ਝੋਟਾ ਕਤਲ ਕਾਂਡ: ਅੱਜ ਪੰਜਾਬ ਬੰਦ ਦੀ ਕਾਲ, ਪਿਤਾ ਨੇ ਸੰਦੇਸ਼ ਕੀਤਾ ਜਾਰੀ; ਲੋਕਾਂ ‘ਚ ਭਾਰੀ ਰੋਸ
ਪਰਵਿੰਦਰ ਝੋਟਾ ਦੇ ਪਿਤਾ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਆਪਣੇ-ਆਪਣੇ ਪੱਧਰ 'ਤੇ ਬੰਦ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਜਾਬ 'ਚ ਅੱਜ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਸਵੇਰੇ ਤੋਂ ਹੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋ ਰਹੀ ਹੈ। ਝੋਟਾ ਦੇ ਪਿਤਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੌਸਮ ਖ਼ਰਾਬੀ ਦੇ ਬਾਵਜੂਦ ਉਹ ਅੱਜ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਤੇ ਪਰਵਿੰਦਰ ਲਈ ਇਨਸਾਫ਼ ਦੀ ਮੰਗ ਕਰਨ।
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਭਰ ‘ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਮਾਨਸਾ ‘ਚ ਬੀਤੇ ਦਿਨਾਂ ਤੋਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਝੋਟਾ ਕਤਲ ਕਾਂਡ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨਾਂ-ਕਾਰਕੁਨਾਂ, ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਸਮੇਤ ਆਮ ਲੋਕਾਂ ਨੇ ਸਮਰਥਨ ਦਿੱਤਾ ਹੈ। ਪੰਜਾਬ ਬੰਦ ਦੇ ਮੱਦੇਨਜ਼ਰ ਕਈ ਸਿੱਖਿਅਕ ਅਦਾਰਿਆਂ ਨੇ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਦਾ ਸਮਾਂ ਤੈਅ ਕੀਤਾ ਗਿਆ ਹੈ।
13 ਅਕਤੂਬਰ ਨੂੰ ਪਰਵਿੰਦਰ ਝੋਟਾ ਦਾ ਕਤਲ ਹੋਇਆ ਸੀ। ਪਰਿਵਾਰ ਨੇ ਅਜੇ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਹੈ। ਪਰਿਵਾਰ ਨੇ ਆਪਣੀਆਂ ਕੁਝ ਮੰਗਾਂ ਪੂਰੀਆਂ ਨਾ ਹੋਣ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦੀਆਂ ਮੁੱਖ ਮੰਗਾਂ ‘ਚ ਸੀਬੀਆਈ ਜਾਂਚ ਦੀ ਮੰਗ, ਪੰਜਾਬ ਦੇ ਮੱਖ ਮੰਤਰੀ ਤੇ ਡੀਜੀਪੀ ਦਾ ਅਸਤੀਫ਼ਾ, ਮਾਨਸਾ ਦੇ ਐਸਐਸਪੀ, ਡੀਐਸਪੀ ਤੇ ਐਸਐਚਓ ਨੂੰ ਬਰਖ਼ਾਸਤ ਕਰਨ ਦੀ ਮੰਗ, ਕਤਲ ਦੇ ਸਮੇਂ ਮੁਲਜ਼ਮ ਨੇ ਕਿਸ ਨੂੰ ਕਾਲ ਕੀਤੀ, ਉਸ ਦੀ ਡਿਟੇਲ ਜਨਤਕ ਕਰਨ ਤੇ ਵਾਰਦਾਤ ‘ਚ ਜ਼ਖ਼ਮੀ ਹੋਏ 4 ਲੋਕਾਂ ਲਈ ਆਰਥਿਕ ਮਦਦ ਸਮੇਤ ਹੋਰ ਕਈ ਮੰਗਾਂ ਰੱਖੀਆਂ ਹਨ।
ਪਰਵਿੰਦਰ ਝੋਟਾ ਦੇ ਪਿਤਾ ਦੀ ਅਪੀਲ
ਪਰਵਿੰਦਰ ਝੋਟਾ ਦੇ ਪਿਤਾ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਆਪਣੇ-ਆਪਣੇ ਪੱਧਰ ‘ਤੇ ਬੰਦ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ‘ਚ ਅੱਜ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਸਵੇਰੇ ਤੋਂ ਹੀ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਹੋ ਰਹੀ ਹੈ। ਝੋਟਾ ਦੇ ਪਿਤਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੌਸਮ ਖ਼ਰਾਬੀ ਦੇ ਬਾਵਜੂਦ ਉਹ ਅੱਜ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਤੇ ਪਰਵਿੰਦਰ ਲਈ ਇਨਸਾਫ਼ ਦੀ ਮੰਗ ਕਰਨ।
ਸਵੇਰ ਤੋਂ ਸੜਕਾਂ ‘ਤੇ ਉਤਰੇ ਪੰਧੇਰ, ਬੰਦ ਦਾ ਸਮਰਥਨ ਦੇਣ ਦੀ ਅਪੀਲ
ਪਰਮਿੰਦਰ ਸਿੰਘ ਝੋਟਾ ਕਤਲ ਇਨਸਾਫ਼ ਕਮੇਟੀ ਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜ਼ਰ ਵਿਸ਼ੇਸ਼ ਅਪੀਲ ਜਾਰੀ ਕੀਤੀ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਵੇਰ ਤੋਂ ਹੀ ਸੜਕਾਂ ‘ਤੇ ਉਤਰੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਐਂਟਰੀ ਤੋਂ ਇੱਕ ਵੀਡੀਓ ਜਾਰੀ ਕੀਤੀ ਹੈ। ਪਰਮਿੰਦਰ ਸਿੰਘ ਝੋਟਾ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੋਈ ਪਹਿਲਾ ਜਾਂ ਆਖ਼ਰੀ ਮਾਮਲਾ ਨਹੀਂ ਹੈ। ਜੇਕਰ ਅੱਜ ਸਮਾਜ ਨੇ ਇਕਜੁੱਟ ਹੋ ਕੇ ਇਸ ਬੇਇਨਸਾਫ਼ੀ ਤੇ ਮਾਫ਼ੀਆ ਵਿਰੁੱਧ ਆਵਾਜ਼ ਨਾ ਉਠਾਈ ਤਾਂ ਆਉਣ ਵਾਲੇ ਸਮੇਂ ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
ਕਿਸਾਨ ਆਗੂ ਨੇ ਅੰਦੋਲਨਕਾਰੀਆਂ ਤੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਜਾਂ ਭੜਕਾਹਟ ਚ ਨਾ ਆਉਣ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਕੁਝ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰ ਅੰਦੋਲਨ ਨੂੰ ਬਦਨਾਮ ਕਰਨ ਅਤੇ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਤੇ ਅਨੁਸ਼ਾਸਨ ਚ ਰਹਿ ਕੇ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਬਰਕਰਾਰ ਰਹੇ।
ਇਹ ਵੀ ਪੜ੍ਹੋ
ਮੁਲਜ਼ਮ ਕਾਬੂ, ਘਰ ਤੇ ਦੁਕਾਨ ਤੇ ਬੁਲਡੋਜ਼ਰ ਐਕਸ਼ਨ
ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮੁਲਜ਼ਮ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਦੀ ਜਾਇਦਾਦ ਤੇ ਕਾਰਵਾਈ ਕਰਦਿਆਂ ਉਸ ਦੇ ਘਰ ਤੇ ਦੁਕਾਨ ‘ਤੇ ਬੁਲਡੋਜ਼ਰ ਚਲਾ ਦਿੱਤਾ। ਉੱਧਰ ਭੜਕੇ ਸਮਰਥਕਾਂ ਨੇ ਦੁਕਾਨ ਦੀ ਭੰਨਤੋੜ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਮਾਨਸਾ ਦੇ ਬਾਜਾਰ 13 ਅਕਤੂਬਰ ਤੋਂ ਹੀ ਬੰਦ ਰੱਖੇ ਗਏ ਹਨ। ਪਰਿਵਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਤੇ ਅੜਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ਼ ਮਿਲਣ ਤੱਕ ਪਰਵਿੰਦਰ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
