ਕਈ ਸ਼ਹਿਰਾਂ ‘ਚ ਭਿਖਾਰੀਆਂ ਦੇ DNA ਟੈਸਟ ਲਈ ਮੁਹਿੰਮ ਸ਼ੁਰੂ, ‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਪ੍ਰਸਾਸ਼ਨ ਦੀ ਕਾਰਵਾਈ
'ਆਪ੍ਰੇਸ਼ਨ ਜੀਵਨ ਜੋਤ' ਤਹਿਤ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ 'ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਭੀਖ ਮੰਗਣ ਵਾਲੇ ਬੱਚਿਆਂ ਦੀ ਸੁਰੱਖਿਆ ਤੇ ਪਹਿਚਾਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਭਾਗ ਮੰਤਰਾਲੇ ਨੇ ‘ਆਪ੍ਰੇਸ਼ਨ ਜੀਵਨਜੋਤ’ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਇਹ ਫੈਸਲਾ ਲਗਾਤਾਰ ਵੱਧ ਰਹੀਆਂ ਚਿੰਤਾਜਨਕ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ‘ਚ ਇਹ ਸ਼ੱਕ ਹੈ ਕਿ ਭੀਖ ਮੰਗਣ ਵਾਲੇ ਕਈ ਬੱਚਿਆਂ ਨਾਲ ਮੌਜੂਦ ਮਹਿਲਾਵਾਂ ਤੇ ਪੁਰਸ਼ਾਂ ਦਾ ਕੋਈ ਜੈਵਿਕ ਸਬੰਧ ਨਹੀਂ ਹੈ। ਇਸ ‘ਚ ਸ਼ੱਕ ਹੈ ਕਿ ਕਈ ਬੱਚਿਆਂ ਨੂੰ ਮਾਨਵ ਤਸਕਰੀ ਜਰੀਏ ਸ਼ਹਿਰਾਂ ‘ਚ ਭੀਖ ਮੰਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਆਪ੍ਰੇਸ਼ਨ ਤਹਿਤ ਕਾਰਵਾਈ ਸ਼ੁਰੂ
‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ ‘ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਲੈ ਕੇ ਹੁਣ ਵੱਖ-ਵੱਖ ਸ਼ਹਿਰਾਂ ‘ਚ ਭਿਖਾਰੀਆਂ ਦੀ ਪਹਿਚਾਣ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਦੇ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਅੰਮ੍ਰਿਤਸਰ ‘ਚ ਗੋਲਡਨ ਗੇਟ ‘ਤੇ ਭਿਖਾਰੀਆਂ ਨੂੰ ਫੜ੍ਹ ਕੇ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਲੁਧਿਆਣਾ ‘ਚ ਵੀ ਇਸ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਡਾ. ਬਲਜੀਤ ਕੌਰ ਦੀ ਅਗਵਾਈ ‘ਚ ਹੋਈ ਸੀ ਹਾਈ ਲੈਵਲ ਮੀਟਿੰਗ
ਇਸ ਯੋਜਨਾ ਦੀ ਰੂਪਰੇਖਾ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ‘ਚ ਹੋਈ ਇੱਕ ਹਾਈ ਲੈਵਲ ਮੀਟਿੰਗ ਦੌਰਾਨ ਤਿਆਰ ਕੀਤੀ ਗਈ ਸੀ। ਬੈਠਕ ‘ਚ ਵਧੀਕ ਮੁੱਖ ਸਕੱਤਰ ਪੀ. ਸ਼੍ਰੀਵਾਸਤਵ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਈ ਮੌਕਿਆਂ ‘ਚ ਬੱਚਿਆਂ ਨਾਲ ਮਹਿਲਾਵਾਂ ਤੇ ਪੁਰਸ਼ਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਮੰਨ ਲਿਆ ਜਾਂਦਾ ਹੈ, ਜਦਕਿ ਸੱਚ ਕੁੱਝ ਹੋਰ ਹੋ ਸਕਦਾ ਹੈ।