ਪੰਜਾਬ ਨਿਊਜ: ਭਗੌੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਫਰਾਰ ਹੋਏ ਉਸ ਦੇ ਸਭ ਤੋਂ ਵੱਡੇ ਰਾਜਦਾਰ ਪਪਲਪ੍ਰੀਤ ਸਿੰਘ (Pappalpreet Singh) ਨੂੰ ਅਮ੍ਰਿਤਸਰ ਦੇ ਕੱਥੂਨੰਗਲ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਅਤੇ ਸਪੈਸ਼ਲ ਸੈਲ ਦੇ ਸੰਯੁਕਤ ਓਪਰੇਸ਼ਨ ਵਿਚ ਇਹ ਕਾਮਯਾਬੀ ਹਾਸਿਲ ਹੋਈ ਹੈ। ਪੰਜਾਬ ਪੁਲਿਸ ਨੇ ਪਪਲਪ੍ਰੀਤ ਦੀ ਗ੍ਰਿਫਤਾਰੀ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਪਪਲਪ੍ਰੀਤ ਸਿੰਘ ਤੇ ਨੈਸ਼ਨਲ ਸਿਕਊਰਿਟੀ ਐਕਟ (NSA) ਲਗਾਇਆ ਗਿਆ ਹੈ।
ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ (IG Sukhchain Singh) ਨੇ ਪ੍ਰੈਸ ਕਾਨਫਰੰਸ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਨੇ ਕੱਥੂਨੰਗਲ ਇਲਾਕੇ ਦੀ ਘੇਰਾਬੰਦੀ ਕਰ ਕੇ ਪੱਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪਪਲਪ੍ਰੀਤ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਅੰਮ੍ਰਿਤਪਾਲ ਦੇ 7 ਸਾਥੀਆਂ ਖ਼ਿਲਾਫ਼ ਇਸ ਐਕਟ ਤਹਿਤ ਕਾਰਵਾਈ ਕਰ ਚੁੱਕੀ ਹੈ।
ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਸੀ ਦੋਵਾਂ ਦੀ ਭਾਲ
ਪੁਲਿਸ ਨੇ ਦੱਸਿਆ ਕਿ ਪੱਪਲਪ੍ਰੀਤ ਖਿਲਾਫ 6 ਮਾਮਲੇ ਦਰਜ ਹਨ ਅਤੇ ਇਨ੍ਹਾਂ ਮਾਮਲਿਆਂ ‘ਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਕਿਹਾ ਹੈ ਕਿ ਪੱਪਲਪ੍ਰੀਤ ਖਿਲਾਫ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕਰੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਉਦੋਂ ਤੋਂ ਹੀ ਪੁਲਿਸ ਪੂਰੇ ਦੇਸ਼ ਵਿਚ ਅੰਮ੍ਰਿਤਪਾਲ ਦੀ ਭਾਲ ਵਿਚ ਲੱਗੀ ਹੋਈ ਹੈ। ਫਰਾਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪੱਪਲਪ੍ਰੀਤ ਨਾਲ ਨਜ਼ਰ ਆ ਰਿਹਾ ਸੀ।
ਪੰਜਾਬ ਪੁਲਿਸ ਦੇ ਨਾਲ-ਨਾਲ ਕਈ ਹੋਰ ਸੂਬਿਆਂ ਦੀ ਪੁਲਿਸ ਵੀ ਅਮ੍ਰਿਤਪਾਲ ਸਿੰਘ ਦੀ ਭਾਲ ਚ ਲੱਗੀ ਹੋਈ ਸੀ। ਕੁਝ ਦਿਨ ਪਹਿਲਾਂ ਉਸਦੇ ਨੇਪਾਲ ਭੱਜਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਭਾਰਤ-ਨੇਪਾਲ ਬਾਰਡਰ ਤੇ ਵੀ ਦੋਵਾਂ ਦੇ ਪੋਸਟਰ ਲਗਾਏ ਗਏ ਸਨ। ਉੱਧਰ ਪੁਲਿਸ ਨੇ ਦੋਵਾਂ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਸਨ।
ਆਈਐਸਆਈ ਦੇ ਸੰਪਰਕ ਵਿੱਚ ਸੀ ਪੱਪਲਪ੍ਰੀਤ ਸਿੰਘ
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਭਜਾਉਣ ਵਿੱਚ ਪੱਪਲਪ੍ਰੀਤ ਦਾ ਵੱਡਾ ਹੱਥ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਪਲਪ੍ਰੀਤ ਪਾਕਿਸਤਾਨ ਦੀ ਆਈਐਸਆਈ ਦੇ ਸੰਪਰਕ ਵਿੱਚ ਸੀ, ਜਿੱਥੋਂ ਉਹ ਲਗਾਤਾਰ ਹਦਾਇਤਾਂ ਲੈ ਰਿਹਾ ਸੀ ਅਤੇ ਸਾਜ਼ਿਸ਼ ਰਚ ਰਿਹਾ ਸੀ। ਉਹ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਖਾਸ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲ ਹੀ ਉਹ ਉਸਨੂੰ ਕਈ ਮੁੱਦਿਆਂ ‘ਤੇ ਸਲਾਹ ਵੀ ਦਿੰਦਾ ਸੀ। ਪਪਲਪ੍ਰੀਤ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਖਾਲਿਸਤਾਨ ਪੱਖੀ ਵੈੱਬਸਾਈਟ ਚਲਾਉਂਦਾ ਹੈ। 2015 ‘ਚ ਉਸ ‘ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ।
ਇਨ੍ਹਾਂ ਇਲਾਕਿਆਂ ਚ ਲੁਕੇ ਸਨ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ
ਦੱਸਿਆ ਗਿਆ ਕਿ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਨੇ ਜਲੰਧਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਸ਼ਰਨ ਲਈ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ, ਪਰ ਇਹ ਦੋਵੇਂ ਉਸ ਦੇ ਹੱਥ ਨਹੀਂ ਲੱਗ ਰਹੇ ਸਨ। ਪੁਲਿਸ ਨੇ ਦੱਸਿਆ ਸੀ ਕਿ ਦੋਵੇਂ ਫਗਵਾੜਾ ਸ਼ਹਿਰ ਦੇ ਤਿੰਨ ਵੱਖ-ਵੱਖ ਡੇਰਿਆਂ, ਪਿੰਡ ਨਾਦਲੋਨ ਅਤੇ ਬੀਬੀ ਪਿੰਡ ਵਿੱਚ ਵੀ ਠਹਿਰੇ ਸਨ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੰਮ੍ਰਿਤਪਾਲ ਜਦੋਂ ਤੋਂ ਭਾਰਤ ਪਰਤਿਆ ਸੀ, ਉਦੋਂ ਤੋਂ ਹੀਉਹ ਪੱਪਲਪ੍ਰੀਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਪਪਲਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਨਾਲ ਸਾਫਟ ਡਰਿੰਕ ਪੀਣ ਦੀ ਤਸਵੀਰ ਵੀ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ 18 ਮਾਰਚ ਨੂੰ ਇਕੱਠੇ ਫਰਾਰ ਹੋਣ ਤੋਂ ਬਾਅਦ ਦੋਵੇਂ ਹਰਿਆਣਾ ‘ਚ ਇਕੱਠੇ ਨਜਰ ਆਏ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ