NIA Raid: ਸਵੇਰੇ-ਸਵੇਰੇ ਬਠਿੰਡਾ ਵਿੱਚ ਐਨਆਈਏ ਦੀ ਰੇਡ, 2 ਕਾਰੋਬਾਰੀਆਂ ਦੇ ਘਰ ਮਾਰੇ ਛਾਪੇ
NIA Raid In Bathinda: ਬਠਿੰਡਾ ਵਿੱਚ ਸਵੇਰੇ ਸਵੇਰੇ NIA ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ 2 ਕਾਰੋਬਾਰੀਆਂ ਦੇ ਘਰ ਹੋਈ ਹੈ। ਜਿਨ੍ਹਾਂ ਵਿੱਚ ਇੱਕ ਮੈਰਿਜ ਪੈਲਸ ਚਲਾਉਂਦਾ ਹੈ ਤਾਂ ਦੂਜਾ ਗੱਡੀਆਂ ਦਾ ਕਾਰੋਬਾਰ ਕਰਦਾ ਹੈ। ਫਿਲਹਾਲ NIA ਦੇ ਅਫ਼ਸਰ ਘਰ ਦੇ ਅੰਦਰ ਜਾਂਚ ਅਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ। NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਹਨ।
ਪੰਜਾਬ ਹਰਿਆਣਾ ਸਰਹੱਦ ਤੇ ਪੈਂਦੇ ਬਠਿੰਡਾ ਜਿਲੇ ਦੇ ਪਿੰਡ ਡੂਮਵਾਲੀ ਅਤੇ ਪਥਰਾਲਾ ਵਿਖੇ ਕੌਮੀ ਜਾਂਚ ਏਜੰਸੀ (NIA) ਵੱਲੋਂ ਛਾਪੇਮਾਰੀ ਕੀਤੀ ਗਈ। NIA ਵੱਲੋਂ ਇਹ ਛਾਪੇਮਾਰੀ ਤੜਕਸਾਰ ਕੀਤੀ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਡੂਮਵਾਲੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਜੋਕਿ ਇੱਕ ਮੈਰਿਜ ਪੈਲੇਸ ਚਲਾਉਂਦੇ ਹਨ। ਇਸ ਤੋਂ ਇਲਾਵਾ ਗੱਡੀਆਂ ਦਾ ਕਾਰੋਬਾਰ ਕਰਨ ਵਾਲੇ ਪਥਰਾਲਾ ਦੇ ਰਹਿਣ ਵਾਲੇ ਬਰਿੰਦਰ ਸਿੰਘ ਦੇ ਘਰ ਰੇਡ ਮਾਰੀ ਗਈ ਹੈ। ਫਿਲਹਾਲ ਦੋਵੇਂ ਹੀ ਨੌਜਵਾਨਾਂ ਦੇ ਘਰਾਂ ਵਿੱਚ NIA ਦੇ ਅਫ਼ਸਰ ਜਾਂਚ ਅਤੇ ਪੁੱਛਗਿੱਛ ਕਰ ਰਹੇ ਹਨ। ਇਹ ਪੁੱਛਗਿੱਛ ਕਿਸ ਮਾਮਲੇ ਵਿੱਚ ਹੋ ਰਹੀ ਹੈ। ਇਸਦੀ ਜਾਣਕਾਰੀ ਫਿਲਹਾਲ ਪ੍ਰਾਪਤ ਨਹੀਂ ਹੋਈ ਹੈ।
ਮੋਗਾ ਵਿੱਚ ਵੀ ਰੇਡ
ਉਧਰ ਮੋਗਾ ਦੇ ਪਿੰਡ ਅਜੀਤਵਾਲ ਵਿੱਚ ਵੀ NIA ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 5 ਵਜੇ ਐਨਆਈਏ ਨੇ ਮਨਜੀਤ ਸਿੰਘ ਨਾਮਕ ਵਿਅਕਤੀ ਦੇ ਘਰ ਛਾਪਾ ਮਾਰ ਕੇ ਉਸਨੂੰ ਅਤੇ ਉਸਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ NIA ਵੱਲੋਂ ਉਨ੍ਹਾਂ ਦੇ ਮੋਬਾਈਲ ਫੋਨ ਨੂੰ ਵੀ ਜ਼ਬਤ ਕਰ ਲਿਆ ਗਿਆ। ਮਨਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਝਾਵਾ ਦਾ ਵਸਨੀਕ ਹੈ ਅਤੇ ਪਿਛਲੇ 7-8 ਸਾਲਾਂ ਤੋਂ ਪਿੰਡ ਅਜੀਤਵਾਲ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮਨਜੀਤ ਸਿੰਘ ਪੇਸ਼ੇ ਵਜੋਂ ਅਧਿਆਪਕ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਖਿਲਾਫ ਅੰਮ੍ਰਿਤਸਰ ‘ਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।