ਨਿਊਜ਼ੀਲੈਂਡ ਨਗਰ ਕੀਰਤਨ ਮਾਮਲਾ: ਖਾਲਿਸਤਾਨ ਤੇ ਹਥਿਆਰਾਂ ਨੂੰ ਲੈ ਕੇ ਵਿਰੋਧੀ ਆਗੂ ਦੀਆਂ ਦਲੀਲਾਂ

Updated On: 

22 Dec 2025 10:50 AM IST

ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਾ ਆਗੂ ਬ੍ਰਿਆਨ ਟਮਾਕੀ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਸਾਨੂੰ ਨਿਊਜ਼ੀਲੈਂਡ 'ਚ ਖਾਲਿਸਤਾਨੀ ਝੰਡੇ ਲਹਿਰਾਉਣ 'ਤੇ ਵਿਰੋਧ ਹੈ। ਖਾਲਿਸਤਾਨ ਇੱਕ ਅੱਤਵਾਦੀ ਸੰਗਠਨ ਹੈ ਨਾ ਕਿ ਉਹ ਸਿੱਖ ਧਰਮ ਹੈ। ਬ੍ਰਿਆਨ ਟਮਾਕੀ ਨੇ ਕਿਹਾ ਹੈ ਕਿ ਭਾਰਤ ਅਧਿਕਾਰਤ ਤੌਰ 'ਤੇ ਖਾਲਿਸਤਾਨ ਨਾਲ ਜੁੜੇ ਸੰਗਠਨਾਂ ਨੂੰ ਭਾਰਤ 'ਚ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਦਾ ਹੈ।

ਨਿਊਜ਼ੀਲੈਂਡ ਨਗਰ ਕੀਰਤਨ ਮਾਮਲਾ: ਖਾਲਿਸਤਾਨ ਤੇ ਹਥਿਆਰਾਂ ਨੂੰ ਲੈ ਕੇ ਵਿਰੋਧੀ ਆਗੂ ਦੀਆਂ ਦਲੀਲਾਂ

ਨਿਊਜ਼ੀਲੈਂਡ ਨਗਰ ਕੀਰਤਨ ਮਾਮਲਾ (Pic: X/@BrianTamakiNZ )

Follow Us On

ਨਿਊਜ਼ੀਲੈਂਡ ਚ ਸਿੱਖ ਨਗਰ ਕੀਰਤਨ ਦਾ ਰਸਤਾ ਰੋਕ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਮਾਮਲਾ ਭੱਖਿਆ ਹੋਇਆ ਹੈ। ਸਥਾਨਕ ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦਾ ਪੰਜਾਬ ‘ਚ ਵੀ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇਸ ਮੁੱਦੇ ਨੂੰ ਲੈ ਕੇ ਆਪਣੀ ਗੱਲ ਰੱਖ ਚੁੱਕੇ ਹਨ। ਉੱਥੇ ਹੀ, ਨਿਊਜ਼ੀਲੈਂਡ ਚ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਾ ਸ਼ਖਸ- ਬ੍ਰਿਆਨ ਟਮਾਕੀ ਸਾਹਮਣੇ ਆਇਆ ਹੈ। ਉਸ ਨੇ ਵਿਰੋਧ ਦੀ ਵਜ੍ਹਾ ਦੱਸੀ ਹੈ।

ਕੀ ਹੈ ਪੂਰਾ ਮਾਮਲਾ?

ਦਰਅਸਲ, ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਤੇ ਮਨੁਰੇਵਾ ਚ ਸਿੱਖਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਦੌਰਾਨ ਨਿਊਜ਼ੀਲੈਂਡ ਦੇ ਸਥਾਨਕ ਨਿਵਾਸੀਆਂ ਦਾ ਇੱਕ ਗਰੁੱਪ ਉੱਥੇ ਪਹੁੰਚਿਆ ਤੇ ਨਗਰ ਕੀਰਤਨ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਤੇ ਆਪਣਾ ਵਿਰੋਧ ਪ੍ਰਦਰਸ਼ਨ ਜਤਾਇਆ। ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਹਾਕਾ ਨਾਚ (ਇੱਕ ਤਰ੍ਹਾਂ ਦਾ ਸੱਭਿਆਚਾਰਕ) ਵੀ ਕੀਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਮੌਕੇ ਤੇ ਪਹੁੰਚੀ ਤੇ ਵਿਰੋਧ ਕਰਨ ਵਾਲਿਆਂ ਨੂੰ ਉੱਥੋਂ ਹਟਾ ਦਿੱਤਾ।

ਵਿਰੋਧ ਦਾ ਦੱਸਿਆ ਕਾਰਨ

ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਾ ਆਗੂ ਬ੍ਰਿਆਨ ਟਮਾਕੀ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਸਾਨੂੰ ਨਿਊਜ਼ੀਲੈਂਡ ਚ ਖਾਲਿਸਤਾਨੀ ਝੰਡੇ ਲਹਿਰਾਉਣ ਤੇ ਵਿਰੋਧ ਹੈ। ਖਾਲਿਸਤਾਨ ਇੱਕ ਅੱਤਵਾਦੀ ਸੰਗਠਨ ਹੈ ਨਾ ਕਿ ਉਹ ਸਿੱਖ ਧਰਮ ਹੈ। ਬ੍ਰਿਆਨ ਟਮਾਕੀ ਨੇ ਕਿਹਾ ਹੈ ਕਿ ਭਾਰਤ ਅਧਿਕਾਰਤ ਤੌਰ ਤੇ ਖਾਲਿਸਤਾਨ ਨਾਲ ਜੁੜੇ ਸੰਗਠਨਾਂ ਨੂੰ ਭਾਰਤ ਚ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਦਾ ਹੈ।

ਇਸ ਦੇ ਨਾਲ ਟਮਾਕੀ ਵੱਲੋਂ ਕੁੱਝ ਸਵਾਲ ਵੀ ਪੁੱਛੇ ਗਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਕਦੋਂ ਤੋਂ ਨਿਊਜ਼ੀਲੈਂਡ ਚ ਵਿਦੇਸ਼ੀ ਅੱਤਵਾਦੀ ਲਹਿਰ ਨੂੰ ਖੁੱਲ੍ਹੇ ਚ ਸਾਡੀਆਂ ਗੱਲੀਆਂ ਚ ਪਰੇਡ ਕਰਨ ਦੀ ਇਜਾਜ਼ਤ ਮਿਲੀ। ਜੇ ਇਹ ਕੋਈ ਹੋਰ ਵਿਦੇਸ਼ੀ ਅੱਤਵਾਦੀ ਨਾਲ ਜੁੜਿਆ ਕਾਰਨ ਹੁੰਦਾ ਤਾਂ ਕਾਰਵਾਈ ਤੁਰੰਤ ਹੁੰਦੀ।

ਖੁਲ੍ਹੇ ਚ ਹਥਿਆਰ ਲੈ ਕੇ ਘੁੰਮਣਾ ਨਿਊਜ਼ੀਲੈਂਡ ਦੇ ਲੋਕਾਂ ਦਾ ਤਰੀਕਾ ਨਹੀਂ: ਟਮਾਕੀ

ਬ੍ਰਿਆਨ ਟਮਾਕੀ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਪਰੇਡ ਲਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਸਥਾਨਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਜਾਮ ਚ ਫਸ ਗਏ। ਸਭ ਤੋਂ ਵਿਵਾਦਤ ਘਟਨਾ ਇਹ ਹੈ ਕਿ ਉਹ ਖੁਲ੍ਹੇ ਚ ਤਲਵਾਰਾਂ ਤੇ ਛੁਰੇ ਲੈ ਕੇ ਘੁੰਮ ਰਹੇ ਹਨ। ਨਿਊਜ਼ੀਲੈਂਡ ਦੇ ਲੋਕਾਂ ਦਾ ਇੱਕ ਸਵਾਲ ਹੈ ਕਦੋਂ ਤੋਂ ਪਰੇਡ ਚ ਤੇਜ਼ਧਾਰ ਹਥਿਆਰਾਂ ਨੂੰ ਇਜਾਜ਼ਤ ਮਿਲ ਗਈ ਹੈ।

ਇਹ ਨਿਊਜ਼ੀਲੈਂਡ ਚ ਆਮ ਨਹੀਂ ਹੈ। ਇਹ ਨਿਊਜ਼ੀਲੈਂਡ ਦੇ ਲੋਕਾਂ ਦਾ ਤਰੀਕਾ ਨਹੀਂ ਹੈ। ਅਸੀਂ ਹਥਿਆਰਾਂ ਨਾਲ ਪਰੇਡ ਨਹੀਂ ਕਰਦੇ। ਅਸੀਂ ਧਰਮ ਦਾ ਪ੍ਰਚਾਰ ਕਰਨ ਲਈ ਸੜਕਾਂ ਜਾਮ ਨਹੀਂ ਕਰਦੇ। ਅਸੀਂ ਅਲੱਗ ਗਰੁੱਪਾਂ ਲਈ ਕੋਈ ਅਲਗ ਨਿਯਮ ਨਹੀਂ ਬਣਾਉਂਦੇ। ਜੇਕਰ ਸਥਾਨਕ ਨਿਊਜ਼ੀਲੈਂਡ ਦੇ ਲੋਕ ਹਥਿਆਰ ਲੈ ਕੇ ਘੁੰਮਦੇ ਤਾਂ ਕਾਰਵਾਈ ਤੁਰੰਤ ਹੁੰਦੀ।

ਜੇਕਰ ਤੁਸੀਂ ਇੱਥੇ ਰਹਿੰਦੇ ਹੋ ਤਾਂ ਨਿਊਜ਼ੀਲੈਂਡ ਦੇ ਲੋਕ ਪਹਿਲਾਂ ਆਉਣਗੇ। ਸਾਡੇ ਕਾਨੂੰਨ ਤੇ ਲੋਕ ਨਿਯਮ ਪਹਿਲੇ ਹਨ, ਨਾ ਕਿ ਵਿਦੇਸ਼ੀ ਧਾਰਮਿਕ ਵਿਵਸਥਾਵਾਂ ਜੋ ਕਿ ਲੋਕਾਂ ਦੀ ਸੁਰੱਖਿਆ ਨਾਲ ਟਕਰਾਉਂਦੀਆਂ ਹਨ। ਬਹੁ-ਸੱਭਿਆਚਾਰਵਾਦ ਇੱਕ ਫੇਲ ਪ੍ਰਯੋਗ ਹੈ। ਬਹੁ-ਸੱਭਿਆਚਾਰਵਾਦ ਦਾ ਮਤਲਬ ਕਦੇ ਵੀ ਆਮ ਸਮਝ ਨੂੰ ਜਾਂ ਨਿਊਜ਼ੀਲੈਂਡ ਦੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਮਿਟਾਉਣਾ ਨਹੀਂ ਹੈ। ਤੁਸੀਂ ਉਸ ਦੇਸ਼ ਦਾ ਸਨਮਾਨ ਕਰੋਂ, ਜਿਸ ਚ ਤੁਸੀਂ ਰਹਿੰਦੇ ਹੋ ਤੇ ਇਹ ਉਮੀਦ ਨਾ ਕਰੋ ਜਿਸ ਦੇਸ਼ ਚ ਤੁਸੀਂ ਰਹਿੰਦੇ ਹੋ ਉਹ ਤੁਹਾਡੇ ਲਈ ਆਪਣੇ ਨਿਯਮ ਬਦਲ ਦੇਣ।