ਸਾਲੇ ਨੇ ਬਦਮਾਸ਼ਾਂ ਨਾਲ ਮਿਲ ਕੇ ਕੀਤਾ ਜੀਜੇ ‘ਤੇ ਹਮਲਾ, ਤੋੜਿਆ ਪੈਰ
ਪੀੜਤ ਹਰਦੀਪ ਸਿੰਘ ਨਿਵਾਸੀ ਧਰਮਕੋਟ ਨੇ ਦੱਸਿਆ ਕਿ ਉਸ ਦਾ ਵਿਆਹ ਸਿੰਬਲ ਮਜਾਰਾ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਹੈ। ਉਸ ਦਾ ਹੁਣ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਉਸ ਨੇ ਪਤਨੀ ਨੂੰ 8 ਲੱਖ ਦਾ ਬਣਦਾ ਮੁਆਵਜ਼ਾ ਵੀ ਦੇ ਦਿੱਤਾ ਹੈ। ਜੱਜ ਦੇ ਸਾਹਮਣੇ ਉਸ ਤੋਂ ਪੈਸੇ ਲਏ ਗਏ ਸਨ ਤੇ ਅਦਾਲਤ ਨੇ 12 ਜਨਵਰੀ 2026 ਤਰੀਕ ਦਿੱਤੀ ਹੈ, ਜਦੋਂ ਤਲਾਕ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਨਵਾਂਸ਼ਹਿਰ ਦੇ ਪਿੰਡ ਕੰਗ ਨੇੜੇ ਸਾਲੇ ਨੇ ਆਪਣੇ ਜੀਜੇ ‘ਤੇ 7-8 ਬਦਮਾਸ਼ਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਬਦਮਾਸ਼ਾਂ ਨੇ 4-5 ਰਾਊਂਡ ਫਾਇਰਿੰਗ ਵੀ ਕੀਤੀ। ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕੇ ਨੌਜਵਾਨ ‘ਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤੇ ਪਿੰਡ ਵਾਸੀਆਂ ਨੇ ਨੌਜਵਾਨ ਦੀ ਜਾਨ ਬਚਾਈ। ਪੀੜਤ ਨੌਜਵਾਨ ਨੂੰ ਇਲਾਜ਼ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਪੀੜਤ ਹਰਦੀਪ ਸਿੰਘ ਨਿਵਾਸੀ ਧਰਮਕੋਟ ਨੇ ਦੱਸਿਆ ਕਿ ਉਸ ਦਾ ਵਿਆਹ ਸਿੰਬਲ ਮਜਾਰਾ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਹੈ। ਉਸ ਦਾ ਹੁਣ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਉਸ ਨੇ ਪਤਨੀ ਨੂੰ 8 ਲੱਖ ਦਾ ਬਣਦਾ ਮੁਆਵਜ਼ਾ ਵੀ ਦੇ ਦਿੱਤਾ ਹੈ। ਜੱਜ ਦੇ ਸਾਹਮਣੇ ਉਸ ਤੋਂ ਪੈਸੇ ਲਏ ਗਏ ਸਨ ਤੇ ਅਦਾਲਤ ਨੇ 12 ਜਨਵਰੀ 2026 ਤਰੀਕ ਦਿੱਤੀ ਹੈ, ਜਦੋਂ ਤਲਾਕ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਵਿਕਾਊ ਗੱਡੀ ਦੇਖਣ ਦੇ ਬਹਾਨੇ ਬੁਲਾਇਆ, ਫਿਰ ਕੀਤਾ ਹਮਲਾ
ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਵੇਚਣੀ ਸੀ। ਸਹੁਰੇ ਪਰਿਵਾਰ ਨੇ ਪਲਾਨਿੰਗ ਦੇ ਨਾਲ ਉਸ ਨੂੰ ਪਿੰਡ ਕੰਗ ਨੇੜੇ ਗੱਡੀ ਦੇਖਣ ਦੇ ਬਹਾਨੇ ਬੁਲਾਇਆ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਉਸ ਦਾ ਸਾਲਾ ਗੱਡੀ ‘ਚ 7-8 ਦੇ ਕਰੀਬ ਬਦਮਾਸ਼ਾਂ ਨੂੰ ਲੈ ਕੇ ਆਇਆ ਤੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਪੀੜਤ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਗੈਰ-ਕਾਨੂੰਨੀ ਪਿਸਤੌਲ ਨਾਲ ਫਾਇਰਿੰਗ ਵੀ ਕੀਤੀ ਸੀ, ਜਿਸ ਦੀ ਮੈਗਜ਼ਿਨ ਉੱਥੇ ਡਿੱਗ ਗਈ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ। ਪੀੜਤ ਨੇ ਦੱਸਿਆ ਕਿ ਉਸ ਦੇ ਪੈਰ ‘ਚ ਫ੍ਰੈਕਚਰ ਹੋਇਆ ਹੈ।
ਉਸ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਨੇ ਕਿਹਾ ਕਿ ਉਸ ਦੀ ਪਤਨੀ, ਪਤਨੀ ਦੇ ਦੋ ਮਾਮੇ, ਮਾਮੇ ਦੇ ਮੁੰਡੇ ਤੇ ਸਾਲੇ ਨੇ ਉਸ ‘ਤੇ ਹਮਲਾ ਕੀਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਾਹੋਂ ਥਾਣਾ ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਤੇ ਡਿਵਾਈਡਰ ‘ਤੇ ਲੱਗੇ ਸੀਸੀਟੀਵੀ ਕੈਮਰਿਆ ਦੀ ਜਾਂਚ ਵੀ ਕੀਤੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।