ਬਾਬਾ ਸ਼ੇਖ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ

Published: 

23 Sep 2023 16:03 PM

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਮਾਈ ਗੋਦੜੀ ਸਾਹਿਬ ਵਿਖੇ ਸਮਾਪਤ ਹੋਇਆ। ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਬਾਬਾ ਸ਼ੇਖ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ
Follow Us On

ਫਰੀਦਕੋਟ। ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜਿੰਨਾਂ ਸਾਰੀ ਮਾਨਵ ਜਾਤੀ ਨੂੰ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ (Faridkot) ਵਿਖੇ ਮਨਾਏ ਜਾ ਰਹੇ ਬਾਬਾ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਦੇ 5ਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ,(Kultar Singh Sandhwa) ਐਮ.ਐਲ ਏ. ਗੁਰਦਿੱਤ ਸਿੰਘ ਸੇਖੋਂ, ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ,ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੇ ਹੋਰ ਜਿਲਾ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਬਾਬਾ ਫਰੀਦ ਜੀ ਦੀ ਇਸ ਧਰਤੀ ਤੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਹੋ ਕੇ ਏਕਤਾ ਅਤੇ ਭਾਈਚਾਰੇ ਦਾ ਸਬੂਤ ਦਿੰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ।

ਫੁੱਲਾਂ ਨਾਲ ਸਜਾਈ ਗੁਰੂ ਸਾਹਿਬ ਦੀ ਪਾਲਕੀ

ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ (MLA Gurdit Singh Sekhon) ਨੇ ਵੀ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਬਾਬਾ ਫਰੀਦ ਜੀ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਰਸਤੇ ਵਿੱਚ ਸ਼ਾਮਿਲ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਫਰੀਦ ਜੀ ਦੀ ਇਲਾਹੀ ਬਾਣੀ ਦਾ ਗੁਣਗਾਣ ਕੀਤਾ। ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਵਿਸ਼ੇਸ਼ ਵਾਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਈ ਹੋਈ ਸੀ ਜਿਸ ਤੇ ਦੋਨਾਂ ਰਸਤਿਆਂ ਚ ਖੜੀ ਸਾਧ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਸੰਗਤ ਨੇ ਲੰਗਰ ਵੀ ਲਗਾਏ

ਇਸ ਦੌਰਾਨ ਸਾਰੇ ਰਸਤੇ ਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਪੂਰੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ। ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਚਾਹ, ਮਠਿਆਈ, ਫਲ ਆਦਿ ਦੇ ਲੰਗਰ ਵੀ ਲਗਾਏ ਗਏ। ਇਸ ਤੋਂ ਇਲਾਵਾ ਆਪਣੇ ਨਿਵਾਸ ਸਥਾਨ ਦੇ ਬਾਹਰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸ਼ਰਧਾਲੂਆਂ ਦੀ ਲੱਡੂਆਂ ਅਤੇ ਚਾਹ ਦੇ ਲੰਗਰ ਨਾਲ ਸੇਵਾ ਵੀ ਕੀਤੀ। ਇਸ ਤਰਾਂ ਇਹ ਮਹਾਨ ਨਗਰ ਕੀਰਤਨ ਸ਼ਹਿਰ ਦੇ ਪ੍ਰਮੁੱਖ ਰਸਤਿਆਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਾ ਤੇ ਇੱਥੇ ਪੁੱਜ ਕੇ ਇਸਨੇ ਵਿਸ਼ਾਲ ਧਾਰਮਿਕ ਦੀਵਾਨ ਦਾ ਰੂਪ ਧਾਰਣ ਕਰ ਲਿਆ ।ਇਸ ਮੌਕੇ ਮਸ਼ਹੂਰ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ।