Momos ਫੈਕਟਰੀ ਵਿੱਚ ਡੌਗੀ ਦਾ ਸਿਰ ਨਹੀਂ, ਇਸ ਜਾਨਵਰ ਦਾ ਸੀ ਮਾਸ… ਜਾਂਚ ਰਿਪੋਰਟ ਵਿੱਚ ਵੱਡਾ ਖੁਲਾਸਾ, ਵਾਇਰਲ ਵੀਡੀਓ ਨੇ ਮਚਾਈ ਸੀ ਸਨਸਨੀ

tv9-punjabi
Updated On: 

24 Mar 2025 13:57 PM

Mohali Momos Factory Video: ਮੋਹਾਲੀ ਦੇ ਇੱਕ ਘਰ ਵਿੱਚੋਂ ਇੱਕ ਜਾਨਵਰ ਦਾ ਕੱਟਿਆ ਹੋਇਆ ਸਿਰ ਮਿਲਿਆ ਸੀ, ਜਿੱਥੇ ਮੋਮੋ ਬਣਾਏ ਜਾਂਦੇ ਸਨ। ਮੰਨਿਆ ਜਾ ਰਿਹਾ ਸੀ ਕਿ ਇਹ ਕੁੱਤੇ ਦਾ ਕੱਟਿਆ ਹੋਇਆ ਸਿਰ ਹੈ। ਉੱਪਰਲੀ ਚਮੜੀ ਉਤਰੀ ਹੋਈ ਸੀ, ਜਿਸ ਕਾਰਨ ਮਾਸ ਨੂੰ ਜਾਂਚ ਲਈ ਭੇਜਿਆ ਗਿਆ ਸੀ। ਜਾਂਚ ਰਿਪੋਰਟ ਤੋਂ ਪਤਾ ਲੱਗਾ ਕਿ ਇਹ ਡੌਗੀ ਦਾ ਸਿਰ ਨਹੀਂ ਸੀ।

Momos ਫੈਕਟਰੀ ਵਿੱਚ ਡੌਗੀ ਦਾ ਸਿਰ ਨਹੀਂ, ਇਸ ਜਾਨਵਰ ਦਾ ਸੀ ਮਾਸ... ਜਾਂਚ ਰਿਪੋਰਟ ਵਿੱਚ ਵੱਡਾ ਖੁਲਾਸਾ, ਵਾਇਰਲ ਵੀਡੀਓ ਨੇ ਮਚਾਈ ਸੀ ਸਨਸਨੀ

ਵਾਇਰਲ ਹੋਇਆ ਸੀ ਮੋਹਾਲੀ ਦੀ Momos ਫੈਕਟਰੀ ਦਾ ਵੀਡੀਓ

Follow Us On

ਮੋਹਾਲੀ ਤੋਂ ਇੱਕ ਵੀਡੀਓ ਹਾਲ ਹੀ ਵਿੱਚ ਖੂਬ ਵਾਇਰਲ ਹੋਇਆ ਸੀ। ਇਸ ਵਿੱਚ, ਇੱਕ ਘਰ ਵਿੱਚ ਇੱਕ ਜਾਨਵਰ ਦਾ ਕੱਟਿਆ ਹੋਇਆ ਸਿਰ ਮਿਲਿਆ ਸੀ, ਜਿੱਥੇ ਮੋਮੋਜ਼ ਅਤੇ ਸਪਰਿੰਗ ਰੋਲ ਬਣਾਏ ਜਾਂਦੇ ਸਨ। ਜਦੋਂ ਵੀਡੀਓ ਵਾਇਰਲ ਹੋਇਆ ਤਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡਣ ਲੱਗ ਪਈਆਂ। ਇਹ ਮੰਨਿਆ ਜਾ ਰਿਹਾ ਸੀ ਕਿ ਮਾਸ ਦਾ ਇਹ ਟੁਕੜਾ ਕੁੱਤੇ ਦਾ ਸੀ। ਮਾਸ ਦੇ ਟੁਕੜੇ ਨੂੰ ਜਾਂਚ ਲਈ ਭੇਜਿਆ ਗਿਆ, ਜਿਸਦੀ ਰਿਪੋਰਟ ਹੁਣ ਸਾਹਮਣੇ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਅਨੁਸਾਰ, ਇਹ ਕੁੱਤੇ ਦਾ ਨਹੀਂ ਸਗੋਂ ਬੱਕਰੇ ਦਾ ਕੱਟਿਆ ਹੋਇਆ ਸਿਰ ਸੀ।

ਦਰਅਸਲ, ਜਾਨਵਰ ਦੇ ਮਾਸ ਦੇ ਉੱਪਰਲੀ ਚਮੜੀ ਉਤਰ ਗਈ ਸੀ, ਜਿਸ ਕਾਰਨ ਇਹ ਪਤਾ ਲਗਾਉਣਾ ਸੰਭਵ ਨਹੀਂ ਸੀ ਕਿ ਇਹ ਕੁੱਤਾ ਸੀ ਜਾਂ ਕੋਈ ਹੋਰ ਜਾਨਵਰ। ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਨੁਸਾਰ, ਕਿਸੇ ਨੇ ਇਸ ਘਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉੱਥੇ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਘਰ ਵਿੱਚ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ, ਕਈ ਖਾਣ ਵਾਲੀਆਂ ਚੀਜਾਂ ਦੇ ਕਈ ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸ਼ੱਕੀ ਮਾਸ ਦਾ ਟੁਕੜਾ ਵੀ ਸ਼ਾਮਲ ਸੀ।

ਮਾਸ ਦੇ ਉਸ ਟੁਕੜੇ ਨੂੰ ਜਾਂਚ ਲਈ ਪਸ਼ੂਆਂ ਦੇ ਡਾਕਟਰ ਕੋਲ ਭੇਜਿਆ ਗਿਆ ਸੀ। ਰਿਪੋਰਟ ਦੇ ਅਨੁਸਾਰ, ਇਸ ਟੁਕੜੇ ਦਾ ਭਾਰ ਲਗਭਗ ਅੱਧਾ ਕਿਲੋਗ੍ਰਾਮ ਸੀ ਅਤੇ ਇਸਦਾ ਆਕਾਰ 10 ਇੰਚ ਲੰਬਾ ਅਤੇ 6 ਇੰਚ ਚੌੜਾ ਸੀ। ਜਾਂਚ ਤੋਂ ਪਤਾ ਲੱਗਾ ਕਿ ਇਹ ਮਾਸ ਬੱਕਰੇ ਦਾ ਸੀ, ਜਿਸ ਤੋਂ ਬਾਅਦ ਘਰ ਵਿੱਚ ਕੁੱਤੇ ਦੇ ਮਾਸ ਦੀ ਵਰਤੋਂ ਦੀਆਂ ਅਫਵਾਹਾਂ ਝੂਠੀਆਂ ਸਾਬਤ ਹੋਈਆਂ।

ਸਫਾਈ ਨਿਯਮਾਂ ਦੀ ਉਲੰਘਣਾ

ਕੋਮਲ ਮਿੱਤਲ ਨੇ ਕਿਹਾ ਕਿ ਘਰ ਵਿੱਚ ਸਫਾਈ ਵਿੱਚ ਗੰਭੀਰ ਬੇਨਿਯਮੀਆਂ ਵੇਖੀਆਂ ਗਈਆਂ। ਉੱਥੇ ਮੌਜੂਦ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਮਾਨ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ ਕੁਝ ਨੂੰ ਵਿਸਥਾਰਤ ਜਾਂਚ ਲਈ ਭੇਜਿਆ ਗਿਆ। ਸਫਾਈ ਨਿਯਮਾਂ ਦੀ ਉਲੰਘਣਾ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਕੀਤੀ ਅਤੇ ਕਈ ਸਮਾਨ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਸੀ ਖੁਲਾਸਾ

ਇਹ ਮਾਮਲਾ ਉਦੋਂ ਚਰਚਾ ਵਿੱਚ ਆਇਆ ਜਦੋਂ ਕੁਝ ਸਥਾਨਕ ਲੋਕਾਂ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆਇਆ ਅਤੇ ਮੌਕੇ ‘ਤੇ ਛਾਪਾ ਮਾਰਿਆ। ਘਰ ਵਿੱਚ ਮਾੜੀ ਸਾਫ-ਸਫਾਈ ਅਤੇ ਸ਼ੱਕੀ ਮੀਟ ਦੇ ਨਮੂਨੇ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਢੁਕਵੀਂ ਕਾਰਵਾਈ ਕੀਤੀ।