ਮੋਗਾ ‘ਚ ਨਸ਼ਾ ਤਸਕਰੀ ‘ਤੇ ਵੱਡਾ ਐਕਸ਼ਨ, CIA ਸਟਾਫ਼ ਨੇ 4.5 ਕਿੱਲੋ ਹੈਰੋਇਨ ਸਮੇਤ ਤਸਕਰ ਦਬੋਚਿਆ

Updated On: 

17 Aug 2026 19:01 PM IST

ਮੋਗਾ ਦੀ ਸੀ.ਆਈ.ਏ. (CIA) ਸਟਾਫ਼ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਮੱਗਲਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਇੱਕ ਅੰਤਰਰਾਸ਼ਟਰੀ ਪੱਧਰ ਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿੱਲੋ 500 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਮੋਗਾ ਚ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ, CIA ਸਟਾਫ਼ ਨੇ 4.5 ਕਿੱਲੋ ਹੈਰੋਇਨ ਸਮੇਤ ਤਸਕਰ ਦਬੋਚਿਆ

ਮੋਗਾ ਦੀ ਸੀ.ਆਈ.ਏ. (CIA) ਸਟਾਫ਼ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਮੱਗਲਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਇੱਕ ਅੰਤਰਰਾਸ਼ਟਰੀ ਪੱਧਰ ਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿੱਲੋ 500 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪ੍ਰੇਮ ਮਸੀਹ (ਉਮਰ ਕਰੀਬ 25 ਸਾਲ) ਪੁੱਤਰ ਵਾਸੀ ਪਿੰਡ ਹਾਸ਼ਮਪੁਰਾ (ਥਾਣਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ।

ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਮੋਗਾ ਦੇ ਸੀਨੀਅਰ ਕਪਤਾਨ ਪੁਲਿਸ (SSP) ਸਰਤਾਜ ਸਿੰਘ ਚਾਹਲ (IPS) ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਵਿੱਚ ਨਸ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਐੱਸ.ਪੀ. ਹੈੱਡਕੁਆਰਟਰ ਸੰਦੀਪ ਸਿੰਘ ਮੰਡ ਅਤੇ ਐੱਸ.ਪੀ. (ਇਨਵੈਸਟੀਗੇਸ਼ਨ) ਬਾਲ ਕ੍ਰਿਸ਼ਨ ਸਿੰਗਲਾ ਦੀ ਵਿਸ਼ੇਸ਼ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਇਲਾਕੇ ਵਿੱਚ ਲਗਾਤਾਰ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀਆਂ ਸਨ।

ਮੁਖ਼ਬਰ ਦੀ ਪੁਖ਼ਤਾ ਸੂਚਨਾ ‘ਤੇ ਪੁਲਿਸ ਨੇ ਕੀਤੀ ਛਾਪੇਮਾਰੀ

ਪੁਲਿਸ ਅਨੁਸਾਰ ਬੀਤੀ 13 ਅਗਸਤ ਨੂੰ ਸੀ.ਆਈ.ਏ. ਸਟਾਫ਼ ਦੀ ਟੀਮ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਸਬੰਧ ਵਿੱਚ ਮੋਗਾ ਕੈਂਪ ਤੋਂ ਥਾਣਾ ਬੱਧਨੀ ਕਲਾਂ ਦੇ ਇਲਾਕੇ ਵੱਲ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਮੋਗਾ-ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਪਿੰਡ ਬੁੱਟਰ ਕਲਾਂ ਦੇ ਨਾਇਰ ਪੈਟਰੋਲ ਪੰਪ ਨੇੜੇ ਪਹੁੰਚੀ, ਤਾਂ ਉਸੇ ਵੇਲੇ ਇੱਕ ਖ਼ਾਸ ਮੁਖ਼ਬਰ ਨੇ ਠੋਸ ਇਤਲਾਹ ਦਿੱਤੀ। ਮੁਖ਼ਬਰ ਨੇ ਦੱਸਿਆ ਕਿ ਮੁਲਜ਼ਮ ਪ੍ਰੇਮ ਮਸੀਹ ਵੱਡੇ ਪੱਧਰ ‘ਤੇ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਉਹ ਪੁਰਾਣਾ ਪੁਲ ਨਹਿਰ ਬੱਧਨੀ ਕਲਾਂ ਦੇ ਕੋਲ ਗਾਹਕਾਂ ਦੀ ਉਡੀਕ ਵਿੱਚ ਖੜ੍ਹਾ ਹੈ।

ਮੋਮੀ ਲਿਫ਼ਾਫ਼ੇ ਵਿੱਚੋਂ ਬਰਾਮਦ ਹੋਈ ਕਰੋੜਾਂ ਰੁਪਏ ਦੀ ਹੈਰੋਇਨ

ਮਿਲੀ ਪੁਖ਼ਤਾ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ. ਟੀਮ ਨੇ ਬਿਨਾਂ ਸਮਾਂ ਗਵਾਏ ਦੱਸੀ ਗਈ ਥਾਂ ‘ਤੇ ਛਾਪੇਮਾਰੀ ਕਰਕੇ ਘੇਰਾਬੰਦੀ ਕੀਤੀ ਅਤੇ ਸ਼ੱਕੀ ਪ੍ਰੇਮ ਮਸੀਹ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਨਿਯਮਾਂ ਅਨੁਸਾਰ ਕੀਤੀ ਗਈ ਬਾਰੀਕੀ ਨਾਲ ਤਲਾਸ਼ੀ ਦੌਰਾਨ ਉਸ ਕੋਲੋਂ ਮਿਲੇ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿੱਚੋਂ 4 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਵੱਡੀ ਬਰਾਮਦਗੀ ਤੋਂ ਬਾਅਦ ਥਾਣਾ ਬੱਧਨੀ ਕਲਾਂ ਵਿਖੇ ਐੱਨ.ਡੀ.ਪੀ.ਐੱਸ. (NDPS) ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਰਿਮਾਂਡ ਦੌਰਾਨ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ

ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਵੱਲੋਂ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੈਰੋਇਨ ਦੀ ਇਹ ਇੰਨੀ ਵੱਡੀ ਖੇਪ ਉਹ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਅੱਗੇ ਕਿਨ੍ਹਾਂ ਵਿਅਕਤੀਆਂ ਤੱਕ ਸਪਲਾਈ ਕੀਤਾ ਜਾਣਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਕਈ ਹੋਰ ਵੱਡੇ ਸਮੱਗਲਰਾਂ ਦੇ ਨਾਂ ਸਾਹਮਣੇ ਆਉਣ ਅਤੇ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।

Loading...
Unable to load recommendations.
Follow Us