ਮੋਗਾ ਦੇ ਬਜ਼ੁਰਗ ਨਾਲ ਵੱਡੀ ਸਾਈਬਰ ਠੱਗੀ, 32 ਲੱਖ ਕੀਤੇ ਟਰਾਂਸਫਰ ਤੇ FD ‘ਤੇ 11 ਲੱਖ ਦਾ ਲੋਨ; ਕੇਸ ਦਰਜ

Updated On: 

28 Sep 2026 23:27 PM IST

ਮੋਗਾ ਵਿਖੇ ਸਾਈਬਰ ਠੱਗਾਂ ਵੱਲੋਂ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਚੂਨਾ ਲਗਾਉਣ ਦਾ ਬੇਹੱਦ ਹੈਰਾਨੀਜਨਕ ਅਤੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਬਜ਼ੁਰਗ ਦੇ ਬੈਂਕ ਖਾਤੇ ਵਿੱਚੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਰੀਬ ਸਾਢੇ 32 ਲੱਖ ਰੁਪਏ ਟਰਾਂਸਫਰ ਕਰ ਲਏ।

ਮੋਗਾ ਦੇ ਬਜ਼ੁਰਗ ਨਾਲ ਵੱਡੀ ਸਾਈਬਰ ਠੱਗੀ, 32 ਲੱਖ ਕੀਤੇ ਟਰਾਂਸਫਰ ਤੇ FD ਤੇ 11 ਲੱਖ ਦਾ ਲੋਨ; ਕੇਸ ਦਰਜ

ਮੋਗਾ ਵਿਖੇ ਸਾਈਬਰ ਠੱਗਾਂ ਵੱਲੋਂ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਚੂਨਾ ਲਗਾਉਣ ਦਾ ਬੇਹੱਦ ਹੈਰਾਨੀਜਨਕ ਅਤੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਬਜ਼ੁਰਗ ਦੇ ਬੈਂਕ ਖਾਤੇ ਵਿੱਚੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਰੀਬ ਸਾਢੇ 32 ਲੱਖ ਰੁਪਏ ਟਰਾਂਸਫਰ ਕਰ ਲਏ। ਇੰਨਾ ਹੀ ਨਹੀਂ, ਸ਼ਾਤਰ ਸਾਈਬਰ ਮੁਲਜ਼ਮਾਂ ਨੇ ਬਜ਼ੁਰਗ ਦੀਆਂ ਫਿਕਸਡ ਡਿਪਾਜ਼ਿਟ (FDs) ਦੇ ਆਧਾਰ ਤੇ ਲਗਭਗ 11 ਲੱਖ ਰੁਪਏ ਦਾ ਕਰਜ਼ਾ ਵੀ ਮਨਜ਼ੂਰ ਕਰਵਾ ਲਿਆ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਇਹ ਸਾਰਾ ਡਿਜੀਟਲ ਲੈਣ-ਦੇਣ ਉਸ ਮੋਬਾਈਲ ਨੰਬਰ ਰਾਹੀਂ ਅੰਜਾਮ ਦਿੱਤਾ ਗਿਆ, ਜੋ ਪਿਛਲੇ ਕਰੀਬ ਦੋ ਸਾਲਾਂ ਤੋਂ ਪੂਰੀ ਤਰ੍ਹਾਂ ਬੰਦ ਦੱਸਿਆ ਜਾ ਰਿਹਾ ਹੈ।

FD ਰਿਨਿਊ ਕਰਵਾਉਣ ਵੇਲੇ ਹੋਇਆ ਠੱਗੀ ਦਾ ਖ਼ੁਲਾਸਾ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਦੇ ਬੇਦੀ ਨਗਰ ਸਥਿਤ ਮੰਦਰ ਵਾਲੀ ਗਲੀ ਦੀ ਹੈ। ਇੱਥੋਂ ਦੇ ਵਸਨੀਕ ਬਜ਼ੁਰਗ ਕੁਲਵੰਤ ਸਿੰਘ ਦਾ ਪੰਜਾਬ ਐਂਡ ਸਿੰਧ ਬੈਂਕ ਦੀ ਗੋਧੇਵਾਲਾ ਬਰਾਂਚ ਵਿੱਚ ਬਚਤ ਖਾਤਾ ਹੈ। ਕੁਲਵੰਤ ਸਿੰਘ ਨੇ ਬੈਂਕ ਵਿੱਚ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲੱਖਾਂ ਰੁਪਏ ਦੀ ਐੱਫ.ਡੀ. ਕਰਵਾਈ ਹੋਈ ਸੀ। ਬੀਤੇ ਜੁਲਾਈ ਮਹੀਨੇ ਜਦੋਂ ਉਹ ਆਪਣੀ ਐੱਫ.ਡੀ. ਦਾ ਨਵੀਨੀਕਰਨ (ਰਿਨਿਊ) ਕਰਵਾਉਣ ਲਈ ਬੈਂਕ ਪਹੁੰਚੇ ਤਾਂ ਖਾਤੇ ਦੀ ਘੋਖ ਕਰਨ ਮਗਰੋਂ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਹੋਈ ਇਸ ਵੱਡੀ ਸਾਈਬਰ ਠੱਗੀ ਦੀ ਭਿਣਕ ਲੱਗੀ।

ਦੋ ਸਾਲ ਪੁਰਾਣੇ ਬੰਦ ਨੰਬਰ ਰਾਹੀਂ ਲੱਖਾਂ ਦਾ ਲੈਣ-ਦੇਣ ਤੇ ਲੋਨ

ਵੇਰਵਿਆਂ ਮੁਤਾਬਕ ਪੀੜਤ ਦੇ ਬੈਂਕ ਖਾਤੇ ਵਿੱਚੋਂ ਡਿਜੀਟਲ ਮਾਧਿਅਮ ਦੀ ਵਰਤੋਂ ਕਰਦਿਆਂ ਕਰੀਬ 32 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਵੱਖ-ਵੱਖ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਐੱਫ.ਡੀ. ਨੂੰ ਗਹਿਣੇ/ਆਧਾਰ ਬਣਾ ਕੇ ਬੈਂਕ ਵਿੱਚੋਂ ਕਰੀਬ 11 ਲੱਖ ਰੁਪਏ ਦਾ ਕਰਜ਼ਾ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ। ਇਹ ਗੱਲ ਸਾਹਮਣੇ ਆਈ ਹੈ ਕਿ ਖਾਤੇ ਵਿੱਚੋਂ ਡਿਜੀਟਲ ਟਰਾਂਜੈਕਸ਼ਨ ਉਸ ਮੋਬਾਈਲ ਨੰਬਰ ਦੇ ਜ਼ਰੀਏ ਹੋਈ ਸੀ ਜੋ ਪਿਛਲੇ ਦੋ ਸਾਲਾਂ ਤੋਂ ਬੰਦ ਪਿਆ ਸੀ। ਇਸ ਦੇ ਬਾਵਜੂਦ ਉਕਤ ਨੰਬਰ ਦੀ ਵਰਤੋਂ ਕਰਕੇ ਏਨੀ ਵੱਡੀ ਰਕਮ ਦਾ ਗੈਰ-ਕਾਨੂੰਨੀ ਤਬਾਦਲਾ ਕਰ ਦਿੱਤਾ ਗਿਆ।

ਸਾਈਬਰ ਸੈੱਲ ਵੱਲੋਂ ਡੂੰਘਾਈ ਨਾਲ ਪੜਤਾਲ, ਕੇਸ ਦਰਜ

ਘਟਨਾ ਦੀ ਲਿਖਤੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਦੇ ਸਪੁਰਦ ਕਰ ਦਿੱਤੀ ਸੀ। ਸਾਈਬਰ ਸੈੱਲ ਦੀ ਤਫ਼ਤੀਸ਼ ਤੋਂ ਬਾਅਦ ਸਾਈਬਰ ਕ੍ਰਾਈਮ ਥਾਣਾ ਮੋਗਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ (ਡੀ) ਜਤਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਖਾਤੇ ਵਿੱਚੋਂ ਸ਼ੱਕੀ ਤੌਰ ਤੇ ਡਿਜੀਟਲ ਲੈਣ-ਦੇਣ ਕੀਤਾ ਗਿਆ ਹੈ। ਬੈਂਕ ਪ੍ਰਬੰਧਕਾਂ ਵੱਲੋਂ ਖਾਤੇ ਵਿੱਚ ਹੋਈਆਂ ਸ਼ੱਕੀ ਟਰਾਂਜੈਕਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਖਾਤੇ ਦੇ ਸਾਰੇ ਡਿਜੀਟਲ ਰਿਕਾਰਡ, ਲੈਣ-ਦੇਣ ਦੇ ਵੇਰਵਿਆਂ ਅਤੇ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਇਹ ਪੈਸਾ ਗਿਆ ਹੈ, ਉਨ੍ਹਾਂ ਸਾਰਿਆਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਤਾਂ ਜੋ ਧੋਖਾਧੜੀ ਕਰਨ ਵਾਲੇ ਗਿਰੋਹ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਮਾਮਲੇ ਵਿੱਚ ਸਾਈਬਰ ਥਾਣਾ ਮੋਗਾ ਵੱਲੋਂ 24 ਸਤੰਬਰ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 318, 61 ਅਤੇ ਆਈ.ਟੀ. ਐਕਟ ਦੀ ਧਾਰਾ 66 ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਪੁਲਿਸ ਦੀ ਅਪੀਲ

ਡੀਐੱਸਪੀ ਜਤਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਈਬਰ ਠੱਗਾਂ ਦੇ ਝਾਂਸੇ ਤੋਂ ਬਚਣ ਲਈ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਅਣਜਾਣ ਵਿਅਕਤੀ ਨਾਲ ਆਪਣੇ ਬੈਂਕ ਖਾਤੇ ਦਾ ਓ.ਟੀ.ਪੀ. (OTP), ਏ.ਟੀ.ਐੱਮ. ਪਿੰਨ (PIN), ਪਾਸਵਰਡ ਜਾਂ ਕੋਈ ਹੋਰ ਗੁਪਤ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਸ਼ੱਕੀ ਫ਼ੋਨ ਕਾਲ, ਐੱਸ.ਐੱਮ.ਐੱਸ. ਜਾਂ ਅਣਪਛਾਤੇ ਲਿੰਕ ਤੇ ਕਲਿੱਕ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ।

Loading...
Unable to load recommendations.
Follow Us