ਵਿਧਾਇਕ ਪਠਾਨਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਪਹੁੰਚੀ ਪੁਲਿਸ, ਕੋਰਟ ਨੇ ਭਗੌੜਾ ਦਿੱਤਾ ਹੈ ਕਰਾਰ
ਕੋਠੀ ਖਾਲੀ ਕਰਵਾਉਣ ਦਾ ਪਤਾ ਚਲਦੇ ਹੀ ਪਠਾਨਮਾਜਰਾ ਸੋਸ਼ਲ ਮੀਡੀਆ 'ਤੇ ਲਾਈਵ ਆਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਧਾਇਕ ਵਜੋਂ ਇਹ ਕੋਠੀ ਅਲਾਟ ਹੋਈ ਹੈ। ਮੈਂ ਅਜੇ ਵੀ ਪੰਜਾਬ ਦਾ ਵਿਧਾਇਕ ਹਾਂ। ਦੱਸ ਦੇਈਏ ਕਿ ਪਠਾਨਮਾਜਰਾ ਦੇ ਇਸ ਸਮੇਂ ਆਸਟ੍ਰੇਲੀਆ ਹੋਣ ਦੀ ਖ਼ਬਰ ਹੈ। ਹਾਲਾਂਕਿ, ਅਜੇ ਤੱਕ ਇਸ ਨੂੰ ਲੈ ਕੇ ਪੁਲਿਸ ਜਾਂ ਹੋਰ ਕਿਸੀ ਜਾਂਚ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ ਹੈ।
ਪੰਜਾਬ ਪੁਲਿਸ ਵੱਲੋਂ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਈ ਜਾ ਰਹੀ ਹੈ। ਪਠਾਨਮਾਜਰਾ ਨੂੰ ਵਿਧਾਇਕ ਦੇ ਤੌਰ ‘ਤ ਪਟਿਆਲਾ ‘ਚ ਸਰਕਾਰੀ ਕੋਠੀ ਅਲਾਟ ਕੀਤੀ ਗਈ ਸੀ। ਪਠਾਨਮਾਜਰਾ ਨੂੰ ਜਬਰ-ਜਨਾਹ ਕੇਸ ‘ਚ ਪਟਿਆਲਾ ਕੋਰਟ ਨੇ ਭਗੌੜਾ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਸ ਕੋਠੀ ਨੂੰ ਖਾਲੀ ਕਰਵਾਉਣ ਲਈ ਨੋਟਿਸ ਚਿਪਕਾਇਆ ਸੀ, ਪਰ ਵਿਧਾਇਕ ਦੇ ਪਰਿਵਾਰ ਨੇ ਇਸ ਕੋਠੀ ਨੂੰ ਖਾਲੀ ਨਹੀਂ ਕੀਤੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸਾਮਾਨ ਸ਼ਿਫਟ ਕਰਨ ਲਈ ਟਰੱਕ ਵੀ ਮੰਗਵਾਏ ਗਏ, ਪਰ ਖ਼ਬਰ ਲਿਖੇ ਜਾਣ ਤੱਕ ਰਿਹਾਇਸ਼ ਖਾਲੀ ਨਹੀਂ ਕਰਵਾਈ ਜਾ ਸਕੀ।
ਉੱਥੇ ਹੀ ਕੋਠੀ ਖਾਲੀ ਕਰਵਾਉਣ ਦਾ ਪਤਾ ਚਲਦੇ ਹੀ ਪਠਾਨਮਾਜਰਾ ਸੋਸ਼ਲ ਮੀਡੀਆ ‘ਤੇ ਲਾਈਵ ਆਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਧਾਇਕ ਵਜੋਂ ਇਹ ਕੋਠੀ ਅਲਾਟ ਹੋਈ ਹੈ। ਮੈਂ ਅਜੇ ਵੀ ਪੰਜਾਬ ਦਾ ਵਿਧਾਇਕ ਹਾਂ। ਦੱਸ ਦੇਈਏ ਕਿ ਪਠਾਨਮਾਜਰਾ ਦੇ ਇਸ ਸਮੇਂ ਆਸਟ੍ਰੇਲੀਆ ਹੋਣ ਦੀ ਖ਼ਬਰ ਹੈ। ਹਾਲਾਂਕਿ, ਅਜੇ ਤੱਕ ਇਸ ਨੂੰ ਲੈ ਕੇ ਪੁਲਿਸ ਜਾਂ ਹੋਰ ਕਿਸੀ ਜਾਂਚ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ ਹੈ।
ਇਸ ਪੂਰੇ ਮਾਮਲੇ ਚ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਬਿਆਨ ਦੇਣ ਲਈ ਤਿਆਰ ਨਹੀਂ ਹੋਇਆ। ਇਸ ਦੌਰਾਨ ਸੰਦੀਪ ਸਿੰਘ ਰਾਜਾਪੁਰ, ਜੋ ਕਿ ਹਰਮੀਤ ਸਿੰਘ ਪਠਾਨਮਾਜਰਾ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰ ਵੱਲੋਂ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਕਿ ਕੋਠੀ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਮਾਹੌਲ ਦਬਾਅ ਵਾਲਾ ਬਣਾਇਆ ਜਾ ਰਿਹਾ ਹੈ।
ਔਰਤ ਨੂੰ ਧੋਖਾ ਦੇਣ ਅਤੇ ਠੱਗੀ ਦਾ ਇਲਜ਼ਾਮ
3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ‘ਚ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਤੇ ਸਰਕਾਰੀ ਨੌਕਰੀ ਤੇ ਹੋਰ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਲੈ ਕੇ ਧੋਖਾ ਦਿੱਤਾ। ਔਰਤ ਨੇ ਕਿਹਾ ਕਿ 2013 ‘ਚ ਫੇਸਬੁੱਕ ਤੇ ਮਿਲਣ ਤੋਂ ਬਾਅਦ, ਉਨ੍ਹਾਂ ਦਾ ਵਿਆਹ 2021 ‘ਚ ਇੱਕ ਗੁਰਦੁਆਰੇ ‘ਚ ਹੋਇਆ ਸੀ, ਪਰ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਪਹਿਲੀ ਪਤਨੀ ਦਾ ਨਾਮ 2022 ਦੇ ਚੋਣ ਹਲਫ਼ਨਾਮੇ ‘ਚ ਆਇਆ। ਔਰਤ ਨੇ ਸਰੀਰਕ ਸ਼ੋਸ਼ਣ, ਧਮਕੀਆਂ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਲਗਾਏ। ਪੁਲਿਸ ਨੇ ਕਾਰਵਾਈ ਕੀਤੀ ਤੇ ਪਠਾਨਮਾਜਰਾ ਵਿਰੁੱਧ ਧਾਰਾ 420, 506 ਅਤੇ 376 ਤਹਿਤ ਮਾਮਲਾ ਦਰਜ ਕੀਤਾ ਤੇ ਅਦਾਲਤ ਨੂੰ ਇੱਕ ਵਿਸ਼ੇਸ਼ ਰਿਪੋਰਟ ਭੇਜ ਦਿੱਤੀ।
ਕਰਨਾਲ ‘ਚ ਗ੍ਰਿਫ਼ਤਾਰੀ ਦੀ ਕੋਸ਼ਿਸ਼, ਵਿਧਾਇਕ ਫਰਾਰ
ਪੁਲਿਸ ਰਿਕਾਰਡ ਅਨੁਸਾਰ ਹਰਿਆਣਾ ਦੇ ਕਰਨਾਲ ਦੇ ਡਾਬਰੀ ਪਿੰਡ ‘ਚ ਉਨ੍ਹਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੂੰ ਪਟਿਆਲਾ ਲਿਜਾਇਆ ਜਾ ਰਿਹਾ ਸੀ, ਪਰ ਸਮਰਥਕਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਪੱਥਰਬਾਜ਼ੀ ਕੀਤੀ। ਇਸ ਤੋਂ ਬਾਅਦ ਹੋਏ ਹੰਗਾਮੇ ‘ਚ ਪਠਾਨ ਮਾਜਰਾ ਇੱਕ ਸਕਾਰਪੀਓ ਤੇ ਇੱਕ ਫਾਰਚੂਨਰ ‘ਚ ਭੱਜ ਗਏ। ਜਿਸ ਨਾਲ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਪੁਲਿਸ ਨੇ ਇੱਕ ਸਮਰਥਕ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਤਿੰਨ ਪਿਸਤੌਲ ਬਰਾਮਦ ਕੀਤੇ ਤੇ ਕਰਨਾਲ ਸਦਰ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ।


