ਝੋਨੇ ਦੀ ਆਮਦ ਜਾਰੀ, ਮਾਨ ਸਰਕਾਰ ਨੇ 1559 ਮੰਡੀਆਂ ਬੰਦ ਕਰਨ ਦਾ ਲਿਆ ਫੈਸਲਾ, ਆਪੋਜਿਸ਼ਨ ਨੇ ਜਤਾਇਆ ਵਿਰੋਧ

Updated On: 

16 Nov 2023 18:05 PM

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਭਰ ਦੀਆਂ 1559 ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਰੋਕਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਪ ਸਰਕਾਰ ਦੇ ਇਸ ਫੈਸਲੇ ਕਾਰਨ ਵਿਚੋਲਿਆਂ ਹੱਥੋਂ ਕਿਸਾਨਾਂ ਦੀ ਲੁੱਟ ਵਧਣ ਦੀ ਸੰਭਾਵਨਾ ਹੈ।

ਝੋਨੇ ਦੀ ਆਮਦ ਜਾਰੀ, ਮਾਨ ਸਰਕਾਰ ਨੇ 1559 ਮੰਡੀਆਂ ਬੰਦ ਕਰਨ ਦਾ ਲਿਆ ਫੈਸਲਾ, ਆਪੋਜਿਸ਼ਨ ਨੇ ਜਤਾਇਆ ਵਿਰੋਧ
Follow Us On

ਪੰਜਾਬ ਨਿਊਜ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲਗਾਤਾਰ ਝੋਨੇ ਦੀ ਆਮਦ ਦੇ ਬਾਵਜੂਦ 1559 ਅਨਾਜ ਮੰਡੀਆਂ ਨੂੰ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਸੂਬੇ ਭਰ ਵਿੱਚ ਝੋਨੇ ਦੀ ਖਰੀਦ ਦਾ ਕੰਮ 20 ਨਵੰਬਰ ਤੱਕ ਜਾਰੀ ਰੱਖਣ ਦੀ ਮੰਗ ਵੀ ਕੀਤੀ ਹੈ।

ਅਕਾਲੀ ਦਲ (Akali Dal) ਦੇ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰਕੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ ਅਤੇ ਹੁਣ ਮਨਮਾਨੇ ਢੰਗ ਨਾਲ ਮੰਡੀਆਂ ਬੰਦ ਕਰਕੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੰਗਲਵਾਰ ਨੂੰ ਮੰਡੀਆਂ ਵਿੱਚ 2.91 ਲੱਖ ਟਨ ਝੋਨੇ ਦੀ ਆਮਦ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਖਰੀਦ ਕੇਂਦਰ ਬੰਦ ਕੀਤੇ ਜਾ ਰਹੇ ਹਨ।

ਬਰਸਾਤ ਕਾਰਨ ਵਾਢੀ ‘ਚ ਹੋਈ ਦੇਰੀ

ਬਰਸਾਤ ਕਾਰਨ ਵਾਢੀ ਵਿੱਚ ਦੇਰੀ ਹੋਣ ਕਾਰਨ ਅਜੇ ਤੱਕ ਵੱਡੀ ਮਾਤਰਾ ਵਿੱਚ ਫ਼ਸਲ ਮੰਡੀਆਂ ਵਿੱਚ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਜੁਲਾਈ ਵਿੱਚ ਆਏ ਹੜ੍ਹਾਂ ਕਾਰਨ ਜਿਨ੍ਹਾਂ ਕਿਸਾਨਾਂ ਨੇ ਝੋਨਾ ਲਾਇਆ ਸੀ, ਉਨ੍ਹਾਂ ਦੀ ਫ਼ਸਲ ਅਜੇ ਤੱਕ ਮੰਡੀ ਵਿੱਚ ਨਹੀਂ ਪੁੱਜੀ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀ ਫ਼ਸਲ ਖ਼ਰੀਦ ਕੇ ਹੀ ਖ਼ਰੀਦ ਕੇਂਦਰ ਬੰਦ ਕਰੇ।

ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ

ਬਾਦਲ ਨੇ ਦੀਵਾਲੀ (Diwali) ‘ਤੇ ਸੂਬੇ ‘ਚ ਅਚਾਨਕ 4.7 ਲੱਖ ਟਨ ਝੋਨੇ ਦੀ ਆਮਦ ਦੀ ਸੀ.ਬੀ.ਆਈ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਦੀਵਾਲੀ ਵਾਲੇ ਦਿਨ ਖਰੀਦ ਨਹੀਂ ਹੁੰਦੀ, ਕਿਉਂਕਿ ਇਸ ਦਿਨ ਖਰੀਦ ਅਮਲਾ ਅਤੇ ਕਮਿਸ਼ਨ ਏਜੰਟ ਮੰਡੀਆਂ ਵਿੱਚ ਮੌਜੂਦ ਨਹੀਂ ਹੁੰਦੇ। ਇਸ ਦੇ ਬਾਵਜੂਦ ਦੀਵਾਲੀ ‘ਤੇ 4.7 ਲੱਖ ਟਨ ਉਪਜ ਦੀ ਖਰੀਦ ਕੀਤੀ ਗਈ। ਇਸ ਤੋਂ ਸਾਫ਼ ਹੈ ਕਿ ਜਾਂ ਤਾਂ ਮੁਨਾਫ਼ਾ ਕਮਾਉਣ ਲਈ ਝੋਨੇ ਦੀ ਰੀਸਾਈਕਲ ਕੀਤੀ ਗਈ ਹੈ ਜਾਂ ਸੂਬੇ ਤੋਂ ਬਾਹਰੋਂ ਝੋਨਾ ਮੰਗਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਅਜਿਹਾ ਸਿਆਸੀ ਸਰਪ੍ਰਸਤੀ ਹੇਠ ਹੀ ਹੋ ਸਕਦਾ ਹੈ, ਇਸ ਲਈ ਇਸ ਮਾਮਲੇ ਦੀ ਜਾਂਚ ਰਾਜ ਦੇ ਵਿਜੀਲੈਂਸ ਵਿਭਾਗ ਤੋਂ ਨਾ ਕਰਕੇ ਸੀ.ਬੀ.ਆਈ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਹਕੀਕਤ ਸਾਹਮਣੇ ਆ ਸਕੇ।

ਬਾਜਵਾ ਨੇ ਜਤਾਇਆ ਵਿਰੋਧ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਭਰ ਦੀਆਂ 1559 ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਰੋਕਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਪ ਸਰਕਾਰ ਦੇ ਇਸ ਫੈਸਲੇ ਨਾਲ ਵਿਚੋਲਿਆਂ ਦੇ ਹੱਥੋਂ ਕਿਸਾਨਾਂ ਦੀ ਲੁੱਟ ਵਧਣ ਦੀ ਸੰਭਾਵਨਾ ਹੈ। ਸਰਕਾਰ ਨੂੰ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨੀ ਚਾਹੀਦੀ ਹੈ।

ਮੰਡੀਆਂ ਬੰਦ ਕਰਨ ਨਾਲ ਕਿਸਾਨਂ ਦਾ ਹੋਵੇਗੀ ਨੁਕਸਾਨ

ਬਾਜਵਾ ਨੇ ਕਿਹਾ ਕਿ ਝੋਨੇ ਦੀ ਬਿਜਾਈ ‘ਚ ਦੇਰੀ, ਸਰਦੀਆਂ ਦੀ ਬੇਮੌਸਮੀ ਆਮਦ ਅਤੇ ਸੂਬੇ ਦੇ ਕੁਝ ਹਿੱਸਿਆਂ ‘ਚ ਬੇਮੌਸਮੀ ਬਰਸਾਤ ਸਮੇਤ ਕਈ ਕਾਰਨਾਂ ਕਰਕੇ ਝੋਨੇ ਦੀ ਕਟਾਈ ਰੁਕ ਰਹੀ ਹੈ। 1559 ਮੰਡੀਆਂ ਦੇ ਬੰਦ ਹੋਣ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਸੀਮਤ ਸਾਧਨ ਹਨ ਅਤੇ ਝੋਨੇ ਦੀ ਫ਼ਸਲ ਨੂੰ ਸਟੋਰ ਕਰਨ ਲਈ ਕੋਈ ਥਾਂ ਨਹੀਂ ਹੈ। ਉਹ ਆਪਣੀ ਉਪਜ ਨੂੰ ਘੱਟ ਕੀਮਤ ‘ਤੇ ਵੇਚਣ ਲਈ ਮਜਬੂਰ ਹੋਣਗੇ।

ਕਾਂਗਰਸ ਹਮੇਸ਼ਾ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਖੜ੍ਹੀ

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪੰਜਾਬ ਕਾਂਗਰਸ (Punjab Congress) ਪਰਾਲੀ ਸਾੜਨ ਲਈ ਮਜ਼ਬੂਰ ਕਿਸਾਨਾਂ ‘ਤੇ ਦਰਜ ਕੇਸ ਰੱਦ ਕਰਵਾਉਣ ਲਈ ‘ਆਪ’ ਸਰਕਾਰ ‘ਤੇ ਦਬਾਅ ਬਣਾਉਣ ਲਈ ਹਮੇਸ਼ਾ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਆਪ ਸਰਕਾਰ ਦੀ ਨਾਕਾਮੀ ਹੈ ਜਿਸ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ ਹੈ।