ਲੁਧਿਆਣਾ ‘ਚ ਬਿਲਡਿੰਗਾਂ ਦੀਆਂ ਸੀਲਾਂ ਖੋਲ੍ਹਣ ‘ਤੇ ਮਮਤਾ ਆਸ਼ੂ ਨੂੰ ਆਇਆ ਗੁੱਸਾ, ਬੋਲੀ- MLA ਗੋਗੀ ਦੇ ਖਿਲਾਫ਼ ਹੋਵੇ ਸਖ਼ਤ ਕਾਰਵਾਈ
ਬੀਤੇ ਦਿਨੀਂ ਲੁਧਿਆਣਾ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸੀਲ ਕੀਤੀਆਂ ਇਮਾਰਤਾਂ ਨੂੰ ਵਿਧਾਇਕ ਗੋਗੀ ਵੱਲੋਂ ਖੋਲ੍ਹੇ ਜਾਣ ਦਾ ਮਾਮਲੇ ਵਿੱਚ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਸਵਾਲ ਚੁੱਕੇ ਹਨ। ਮਮਤਾ ਆਸ਼ੂ ਨੇ ਕਿਹਾ ਕਿ ਗੋਗੀ ਸ਼ਹਿਰ ਵਿੱਚ ਹੋਸ਼ੀ ਸਿਆਸਤ ਕਰ ਰਹੇ ਹਨ। ਇਸਦੇ ਨਾਲ ਹੀ ਉਹਨਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਚਾਹੇ ਤਾਂ ਕਾਰਵਾਈ ਕਰੇ ਪਰ ਇਸ ਨਾਲ ਲੋਕਾਂ ਦਾ ਰੁਜਗਾਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।
Pic Credit: x/@LudhianaDpro
ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਸੀਲ ਕੀਤੀਆਂ ਇਮਾਰਤਾਂ ਦੀਆਂ ਸਰਕਾਰੀ ਸੀਲਾਂ ਖੋਲ੍ਹਣ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਖਿਲਾਫ਼ ਸ਼ਬਦੀ ਹਮਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਸਹੀ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਵਿਧਾਇਕ ਗੋਗੀ ਵੱਲੋਂ ਨਾਜਾਇਜ਼ ਤੌਰ ‘ਤੇ ਖੋਲ੍ਹਿਆ ਗਿਆ।
ਮਮਤਾ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਇਸ ਪੂਰੇ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਆਸ਼ੂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਸਹੀ ਇਮਾਰਤ ਨੂੰ ਸੀਲ ਕੀਤਾ ਹੈ ਤਾਂ ਫਿਰ ਗੋਗੀ ਨੂੰ ਉਹਨਾਂ ਸੀਲਾਂ ਨੂੰ ਤੋੜ੍ਹਕੇ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਜਿਹੇ ‘ਚ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਕੋਈ ਸਿਆਸੀ ਵਿਅਕਤੀ ਇਮਾਰਤਾਂ ਦੀਆਂ ਸੀਲਾਂ ਖੋਲ੍ਹਦਾ ਹੈ ਤਾਂ ਗਲਤ ਹੈ। ਕਿਸੇ ਵੀ ਵਿਧਾਇਕ ਨੂੰ ਕਾਨੂੰਨ ਨਾਲ ਖਿਲਵਾੜ ਨਹੀਂ ਕਰਨ ਦੇਣਾ ਚਾਹੀਦਾ।


