Vigilance Bureau ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼ਬਤ

Updated On: 

13 Aug 2023 20:08 PM

ਇਹ ਜਾਇਦਾਦਾਂ ਸਿੰਗਲਾ ਨੇ 01-04-2011 ਤੋਂ 31-07-2022 ਦੇ ਸਮੇਂ ਦੌਰਾਨ ਆਪਣੀ ਪਤਨੀ ਰਚਨਾ ਸਿੰਗਲਾ ਦੇ ਨਾਂ 'ਤੇ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ ਡਾ. ਅਜੀਤ ਅੱਤਰੀ ਸਪੈਸ਼ਲ ਜੱਜ, ਲੁਧਿਆਣਾ ਦੀ ਅਦਾਲਤ ਵੱਲੋਂ 8 ਅਗਸਤ, 2023 ਨੂੰ ਜਾਰੀ ਐਡ ਅੰਤਰਿਮ ਅਟੈਚਮੈਂਟ ਆਰਡਰ ਤਹਿਤ ਕੀਤੀ ਗਈ।

Vigilance Bureau ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼ਬਤ
Follow Us On

ਪੰਜਾਬ ਨਿਊਜ। ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ (ਅਟੈਚ) ਕੀਤੀਆਂ ਗਈਆਂ ਹਨ। ਇਹ ਕਾਰਵਾਈ ਡਾ. ਅਜੀਤ ਅੱਤਰੀ ਸਪੈਸ਼ਲ ਜੱਜ, ਲੁਧਿਆਣਾ ਦੀ ਅਦਾਲਤ ਵੱਲੋਂ 8 ਅਗਸਤ, 2023 ਨੂੰ ਜਾਰੀ ਐਡ ਅੰਤਰਿਮ ਅਟੈਚਮੈਂਟ ਆਰਡਰ ਤਹਿਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ,(Bharat Bhushan Ashu) ਉਸ ਦੇ ਨਜ਼ਦੀਕੀ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰਾਂ ਵਿਰੁੱਧ ਸਾਲ 2020-21 ਲਈ ਵੱਖ-ਵੱਖ ਠੇਕੇਦਾਰਾਂ ਨੂੰ ਲੇਬਰ, ਢੋਆ-ਢੋਆਈ ਦੇ ਟੈਂਡਰਾਂ ਦੀ ਗ਼ੈਰ-ਕਾਨੂੰਨੀ ਅਲਾਟਮੈਂਟ ਦੇ ਸਬੰਧ ਵਿੱਚ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਰੈੱਡ ਕਾਰਨਰ ਨੋਟਿਸ ਵੀ ਕੀਤਾ ਸੀ ਜਾਰੀ

ਇਸ ਮਾਮਲੇ ਵਿੱਚ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਨੂੰ ਮਾਰਚ.12.2022 ਨੂੰ ਪੀ.ਓ. (ਭਗੌੜਾ) ਐਲਾਨ ਦਿੱਤਾ ਗਿਆ ਸੀ ਅਤੇ ਉਸਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ (Red Corner Notice) ਵੀ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਵਿਭਾਗ ਵਿੱਚ ਆਪਣੀ ਤਾਇਨਾਤੀ ਦੌਰਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕੇਂਦਰੀ ਵਿਜੀਲੈਂਸ ਕਮੇਟੀ (ਸੀ.ਵੀ.ਸੀ.) ਦੇ ਚੇਅਰਮੈਨ ਵਜੋਂ ਕਾਰਜਕਾਲ ਦੌਰਾਨ ਜਾਇਦਾਦਾਂ ਖਰੀਦੀਆਂ ਸਨ।

ਪਤਨੀ ਦੇ ਨਾਂਅ ‘ਤੇ ਖਰੀਦੀਆਂ ਜਾਇਦਾਦਾਂ

ਵਿਜੀਲੈਂਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਅਬਾਦੀ ਗੁਰੂ ਅਮਰਦਾਸ ਨਗਰ ਲੁਧਿਆਣਾ ਵਿਖੇ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ 150-150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿਖੇ ਇਕ ਮਕਾਨ ਨੰ. 164-ਏ (ਖੇਤਰ 300 ਵਰਗ ਗਜ਼) ਅਤੇ ਇੱਕ ਫਲੈਟ (ਖੇਤਰ 193.60 ਵਰਗ ਗਜ਼) ਨੰ. 304, ਸ਼੍ਰੇਣੀ-ਏ, ਦੂਜੀ ਮੰਜ਼ਿਲ, ਆਰ.ਸੀ.ਐਸ. ਪੰਜਾਬ ਸਹਿਕਾਰੀ ਸਭਾ, ਗਜ਼ਟਿਡ ਅਫ਼ਸਰ, ਸੈਕਟਰ 48-ਏ, ਚੰਡੀਗੜ੍ਹ ਪੰਜ ਜਾਇਦਾਦਾਂ ਖਰੀਦੀਆਂ ਸਨ। ਇਹ ਸਾਰੀਆਂ ਪੰਜ ਜਾਇਦਾਦਾਂ ਉਸ ਨੇ 01-04-2011 ਤੋਂ 31-07-2022 ਦੇ ਸਮੇਂ ਦੌਰਾਨ ਆਪਣੀ ਪਤਨੀ ਰਚਨਾ ਸਿੰਗਲਾ ਦੇ ਨਾਂ ‘ਤੇ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।

ਪਤੀ-ਪਤਨੀ ਸਨ ਭਗੌੜੇ

ਇਸ ਸਬੰਧੀ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੋਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ ਨੰ. 8 ਮਿਤੀ 19.04.2023 ਨੂੰ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਇਸ ਮਾਮਲੇ ਵਿੱਚ ਭਗੌੜੇ ਹਨ।ਉਨ੍ਹਾਂ ਦੱਸਿਆ ਕਿ 01-04-2011 ਤੋਂ 31-07-2022 ਤੱਕ ਦੇ ਜਾਂਚ ਸਮੇਂ ਦੌਰਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੀ ਆਮਦਨ 2,59,68,952 ਰੁਪਏ ਸੀ ਜਦੋਂਕਿ ਉਹਨਾਂ ਵੱਲੋਂ 4,43,87,182 ਰੁਪਏ ਖਰਚੇ ਗਏ ਜੋ ਕਿ ਉਹਨਾਂ ਦੀ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦੀ (1,84,18,230 ਰੁਪਏ) ਵੱਧ ਹੈ।

6 ਹੋਰ ਜਾਇਦਾਦਾਂ ਦਾ ਲਗਾਇਆ ਪਤਾ

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ਤੇ ਖਰੀਦੀਆਂ ਛੇ ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ। ਇਹਨਾਂ ਵਿੱਚੋਂ ਪੰਜ ਜਾਇਦਾਦਾਂ ਵਸੀਕਾ 1179/30.6.21 (ਖੇਤਰ 95.51 ਵਰਗ ਗਜ਼), ਵਸੀਕਾ 1180/30.6.21 (ਖੇਤਰ 98.47 ਵਰਗ ਗਜ਼), ਵਸੀਕਾ 1181/30.6.21 (ਖੇਤਰ 121.51 ਵਰਗ ਗਜ਼), ਵਸੀਕਾ 1182/30.6.21 (ਖੇਤਰ 98.47 ਵਰਗ ਗਜ਼), ਵਸੀਕਾ 1183/30.6.21 (ਖੇਤਰ 98.51 ਵਰਗ ਗਜ਼) ਲੁਧਿਆਣਾ ਜ਼ਿਲ੍ਹੇ ਵਿੱਚ ਸੈਲੀਬ੍ਰੇਸ਼ਨ ਬਾਜ਼ਾਰ, ਜੀ.ਟੀ. ਰੋਡ ਖੰਨਾ ਵਿਖੇ ਸਥਿਤ ਹਨ।

ਇਸ ਤੋਂ ਇਲਾਵਾ ਮਿਤੀ 02/05/2013 ਨੂੰ ਨਿਊ ਚੰਡੀਗੜ੍ਹ ਵਿਖੇ ਰਚਨਾ ਸਿੰਗਲਾ ਦੇ ਨਾਮ ‘ਤੇ 79.04 ਵਰਗ ਮੀਟਰ ਦਾ ਇੱਕ ਐਸ.ਸੀ.ਓ. ਖਰੀਦਿਆ ਗਿਆ। ਮੁਲਜ਼ਮ ਨੂੰ ਇਨ੍ਹਾਂ ਸਾਰੀਆਂ ਛੇ ਜਾਇਦਾਦਾਂ ਤੋਂ ਪ੍ਰਤੀ ਮਹੀਨਾ ਤਕਰੀਬਨ 2 ਲੱਖ ਰੁਪਏ ਕਿਰਾਇਆ ਆ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਉਪਰੰਤ ਬਾਕੀ ਸੱਤ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ