Budha Nala Overflow: ਲੁਧਿਆਣਾ ‘ਚ ਮੀਂਹ ਨੇ ਮਚਾਈ ਤਬਾਹੀ, ਬੁੱਢੇ ਨਾਲੇ ‘ਚ ਵਧੇ ਪਾਣੀ ਦੇ ਪੱਧਰ ਨੇ ਉਜਾੜੇ 100 ਘਰ
300 People Homeless: ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬੁੱਢੇ ਨਾਲੇ ਵਿੱਚ ਸਮਰੱਥਾ ਤੋਂ ਵੱਧ ਪਾਣੀ ਆ ਗਿਆ, ਜਿਸ ਤੋਂ ਬਾਅਦ ਦੋ ਵੱਖ-ਵੱਖ ਥਾਵਾਂ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਜਿਸ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਵਿੱਚ ਕਈ ਮਵੇਸ਼ੀਆਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ ਵਿੱਚ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ 300 ਤੋਂ ਵੱਧ ਲੋਕ ਬੇਘਰ ਕਰ ਦਿੱਤੇ ਹਨ। ਕੇਂਦਰੀ ਜੇਲ੍ਹ ਨੇੜੇ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਆਪਣਾ ਸਮਾਨ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜੇ। ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਝੁੱਗੀਆਂ ਵਿੱਚ ਦਾਖ਼ਲ ਹੋ ਗਿਆ। ਇਸ ਇਲਾਕੇ ਵਿੱਚ 100 ਦੇ ਕਰੀਬ ਝੌਂਪੜੀਆਂ ਹਨ, ਜੋ ਕਿ ਬੁੱਢਾ ਦਰਿਆ ਦੇ ਕੰਢੇ ਵਸੀਆਂ ਹੋਈਆਂ ਹਨ।
300 ਲੋਕਾਂ ਨੇ ਸੜਕ ‘ਤੇ ਰਾਤ ਕੱਟੀ
ਮੀਂਹ ਨਾਲ ਓਵਰਫਲੋ ਹੋਏ ਨਾਲੇ ਦੇ ਪਾਣੀ ਨਾਲ ਹੋਈ ਤਬਾਹੀ ਕਰਕੇ ਕਰੀਬ 300 ਲੋਕਾਂ ਨੇ ਸਾਰੀ ਰਾਤ ਸੜਕ ‘ਤੇ ਗੁਜ਼ਾਰੀ। ਅਧਿਕਾਰੀਆਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਮੋਤੀ ਨਗਰ ਦੇ ਸਰਕਾਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ, ਜਿੱਥੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਸਕਰੈਪ ਡੀਲਰ ਵਜੋਂ ਕੰਮ ਕਰਦੇ ਹਨ। ਜਦਕਿ ਕੁਝ ਟੈਟੂ ਵੀ ਬਣਵਾਉਂਦੇ ਹਨ। ਇਹ ਲੋਕ ਪਿਛਲੇ 2 ਸਾਲਾਂ ਤੋਂ ਝੁੱਗੀਆਂ ਵਿੱਚ ਰਹੇ ਹਨ।
ਉਨ੍ਹਾਂ ਵਿੱਚੋਂ ਕਈ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ 2 ਤੋਂ 4 ਦਿਨ ਪਹਿਲਾਂ ਹੀ ਬੱਚਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦਾ ਕੀਮਤੀ ਸਮਾਨ ਝੌਂਪੜੀ ਵਿੱਚ ਹੀ ਰਹਿ ਗਿਆ। ਝੁੱਗੀ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਦੱਸਿਆ ਕਿ ਅਜਿਹੀਆਂ ਕਈ ਔਰਤਾਂ ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਬੱਚਿਆਂ ਨੂੰ ਜਨਮ ਦਿੱਤਾ ਹੈ। ਬੱਚਿਆਂ ਦੇ ਕੱਪੜੇ, ਦੁੱਧ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਪਾਣੀ ਵਿੱਚ ਵਹਿ ਗਈਆਂ ਹਨ। ਉਸ ਦੇ ਪਰਿਵਾਰ ਦੇ ਦੋ ਮੋਬਾਈਲ ਪਾਣੀ ਵਿੱਚ ਵਹਿ ਗਏ। ਪ੍ਰਸ਼ਾਸਨ ਨੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ।
ਬੇਸਹਾਰਾ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਰੂਰੀ ਸਾਮਾਨ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਹਿ ਕੇ ਚਲਾ ਗਿਆ ਪਰ ਉਹ ਕੁਝ ਨਹੀਂ ਕਰ ਸਕੇ। ਬੇਵੱਸ ਹੋ ਕੇ ਉਹ ਆਪਣੇ ਘਰਾਂ ਨੂੰ ਤਬਾਹ ਹੁੰਦੇ ਦੇਖਦੇ ਰਹੇ। ਕੁਝ ਲੋਕਾਂ ਨੇ ਕਿਸ਼ਤਾਂ ‘ਤੇ ਸਾਮਾਨ ਲਿਆ ਸੀ, ਜਿਨ੍ਹਾਂ ਦੀਆਂ ਕਿਸ਼ਤਾਂ ਉਹ ਹਾਲੇ ਵੀ ਅਦਾ ਕਰ ਰਹੇ ਹਨ।
ਨਿਗਮ ਦੀ ਕਾਰਵਾਈ ਤੇ ਸਵਾਲ
ਇਲਾਕਾ ਨਿਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਈ ਸਾਲਾਂ ਬਾਅਦ ਅਜਿਹੀ ਸਥਿਤੀ ਦੇਖੀ ਹੈ। ਅਧਿਕਾਰੀਆਂ ਵੱਲੋਂ ਚੁੱਕੇ ਗਏ ਉਪਰਾਲੇ ਨਾਕਾਮ ਸਾਬਤ ਹੋ ਰਹੇ ਹਨ। ਜੇਕਰ ਨਿਗਮ ਸਮੇਂ ਸਿਰ ਜਾਗ ਗਿਆ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਹੁੰਦੀ।
ਇਹ ਵੀ ਪੜ੍ਹੋ
ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਡੀਸੀ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਲੋਕਾਂ ਦੀ ਮਦਦ ਲਈ ਕਾਰਪੋਰੇਸ਼ਨ ਦੀਆਂ ਟੀਮਾਂ ਅਤੇ ਬਚਾਅ ਟੀਮਾਂ ਨੂੰ ਵੀ ਤਾਇਨਾਤ ਕੀਤਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ