ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਦਾ ਐਲਾਨ, ਜੀਵਨ ਗੁਪਤਾ ਲੜਣਗੇ ਚੋਣ

rajinder-arora-ludhiana
Updated On: 

31 May 2025 16:10 PM

AAP ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਦੇ ਨਾਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ ਭਾਜਪਾ ਨੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਬਾਕੀ ਤਿੰਨੋ ਪਾਰਟੀ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰ ਚੁੱਕੇ ਹਨ।

ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਦਾ ਐਲਾਨ,  ਜੀਵਨ ਗੁਪਤਾ ਲੜਣਗੇ ਚੋਣ
Follow Us On

AAP ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਦੇ ਨਾਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ ਭਾਜਪਾ ਨੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਬਾਕੀ ਤਿੰਨੋ ਪਾਰਟੀ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰ ਚੁੱਕੇ ਹਨ।

ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ ਅਤੇ ਭਾਜਪਾ ਹਾਈਕਮਾਨ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਹੁਣ, ਇਸ ਸੀਟ ‘ਤੇ ‘ਆਪ’ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਦੇ ਜੀਵਨ ਗੁਪਤਾ ਵਿਚਕਾਰ ਚਾਰ-ਪਾਸੜ ਅਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ।

ਕੌਣ ਹਨ ਜੀਵਨ ਗੁਪਤਾ ?

ਜੀਵਨ ਗੁਪਤਾ ਦਾ ਪਰਿਵਾਰ ਸ਼ੁਰੂ ਤੋਂ ਹੀ ਸੰਘ ਨਾਲ ਜੁੜਿਆ ਹੋਇਆ ਹੈ ਅਤੇ ਉਹ ਜਵਾਨੀ ਤੋਂ ਹੀ ਰਾਜਨੀਤੀ ਵੱਲ ਝੁਕਾਅ ਰੱਖਦੇ ਸਨ। ਇਸ ਲਈ, ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ ਭਾਜਪਾ ਨਾਲ ਸ਼ੁਰੂ ਕੀਤਾ ਅਤੇ ਪਾਰਟੀ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਵਰਤਮਾਨ ਵਿੱਚ, ਉਹ ਪਾਰਟੀ ਦੀ ਸੂਬਾ ਇਕਾਈ ਦੀ ਕੋਰ ਕਮੇਟੀ ਦੇ ਮੈਂਬਰ ਹਨ।

ਇਸ ਤੋਂ ਪਹਿਲਾਂ, ਸੂਬਾ ਜਨਰਲ ਸਕੱਤਰ ਹੁੰਦਿਆਂ, ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਵੀ ਨਿਰੰਤਰ ਕੰਮ ਕੀਤਾ। ਜੀਵਨ ਗੁਪਤਾ ਨੇ ਆਪਣਾ ਰਾਜਨੀਤਿਕ ਕਰੀਅਰ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਸ਼ੁਰੂ ਕੀਤਾ। ਇਸ ਤੋਂ ਬਾਅਦ, ਉਹ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਫਿਰ ਸੂਬਾ ਸਕੱਤਰ ਅਤੇ ਜਨਰਲ ਸਕੱਤਰ ਰਹੇ। ਇਸ ਤੋਂ ਬਾਅਦ, ਜੀਵਨ ਗੁਪਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਣੇ। ਜੀਵਨ ਗੁਪਤਾ ਦਾ ਕਾਰਾਂ ਦੇ ਪੁਰਜ਼ਿਆਂ ਦਾ ਕਾਰੋਬਾਰ ਹੈ।

19 ਤਰੀਕ ਨੂੰ ਪੈਣਗੀਆਂ ਵੋਟਾਂ

ਲੁਧਿਆਣਾ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਿੰਗ ਹੋਵੇਗੀ।ਜਿਸ ਤੋਂ ਬਾਅਦ 23 ਜੂਨ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਜਿੱਤੀ ਸੀ। ਜਿਸ ਤੋਂ ਬਾਅਦ ਭੇਦਭਰੇ ਹਾਲਾਤਾਂ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ।

ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਉੱਪਰ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ਇਹ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ ਅਤੇ ਭਾਰਤ ਭੂਸ਼ਣ ਆਸ਼ੂ ਇੱਥੋ ਚੁਣਕੇ ਪਹਿਲਾਂ ਵਿਧਾਨ ਸਭਾ ਜਾ ਚੁੱਕੇ ਹਨ।