ਲੁਧਿਆਣਾ ‘ਚ ਨਹਿਰੀ ਸੂਆ ਟੁੱਟਣ ਕਾਰਨ ਆਸ-ਪਾਸ ਦੀ ਡੁੱਬੀ ਫਸਲ, ਟਰੈਕਟਰ-ਟਰਾਲੀ ਪਲਟਣੋਂ ਵਾਲ-ਵਾਲ ਬਚੀ

Published: 

17 Jun 2026 17:25 PM IST

ਲੁਧਿਆਣਾ ਦੇ ਰਾਏਕੋਟ-ਸਾਹਿਬਾਜਪੁਰਾ ਰੋਡ 'ਤੇ ਸਥਿਤ ਨਹਿਰੀ ਸੂਆ ਅਚਾਨਕ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਏ ਵਿੱਚ ਪਾੜ ਪੈਣ ਕਾਰਨ ਨਿਕਲੇ ਪਾਣੀ ਦੇ ਤੇਜ਼ ਵਹਾਅ ਨੇ ਆਸ-ਪਾਸ ਦੇ ਖੇਤਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਜਲਥਲ ਹੋ ਗਈ।

ਲੁਧਿਆਣਾ ਚ ਨਹਿਰੀ ਸੂਆ ਟੁੱਟਣ ਕਾਰਨ ਆਸ-ਪਾਸ ਦੀ ਡੁੱਬੀ ਫਸਲ, ਟਰੈਕਟਰ-ਟਰਾਲੀ ਪਲਟਣੋਂ ਵਾਲ-ਵਾਲ ਬਚੀ

ਲੁਧਿਆਣਾ ਦੇ ਰਾਏਕੋਟ-ਸਾਹਿਬਾਜਪੁਰਾ ਰੋਡ ‘ਤੇ ਸਥਿਤ ਨਹਿਰੀ ਸੂਆ ਅਚਾਨਕ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਏ ਵਿੱਚ ਪਾੜ ਪੈਣ ਕਾਰਨ ਨਿਕਲੇ ਪਾਣੀ ਦੇ ਤੇਜ਼ ਵਹਾਅ ਨੇ ਆਸ-ਪਾਸ ਦੇ ਖੇਤਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਜਲਥਲ ਹੋ ਗਈ। ਇਸ ਘਟਨਾ ਦੌਰਾਨ ਇੱਕ ਟਰੈਕਟਰ-ਟਰਾਲੀ ਪਲਟਣੋਂ ਬਾਲ-ਬਾਲ ਬਚੀ। ਦੂਜੇ ਪਾਸੇ, ਨਹਿਰੀ ਵਿਭਾਗ ਨੇ ਇਸ ਪੂਰੀ ਘਟਨਾ ਲਈ ਇੱਕ ਸਥਾਨਕ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਚਸ਼ਮਦੀਦਾਂ ਮੁਤਾਬਕ, ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਇੱਕ ਟਰੈਕਟਰ-ਟਰਾਲੀ ਸੂਏ ਦੇ ਕੋਲੋਂ ਲੰਘ ਰਹੀ ਸੀ। ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਉਸ ਨੇ ਟਰੈਕਟਰ-ਟਰਾਲੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟਰੈਕਟਰ ਚਲਾ ਰਹੇ ਕਿਸਾਨ ਗੁਰਦੀਪ ਸਿੰਘ ਨੇ ਖ਼ਤਰੇ ਨੂੰ ਭਾਪਦਿਆਂ ਤੁਰੰਤ ਹੇਠਾਂ ਛਾਲ ਮਾਰ ਦਿੱਤੀ, ਜਿਸ ਸਦਕਾ ਸਮਾਂ ਰਹਿੰਦਿਆਂ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ।

ਵਿਭਾਗ ਵੱਲੋਂ ਰਾਹਤ ਕਾਰਜ ਸ਼ੁਰੂ

ਸੂਆ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਪਾਣੀ ਦੇ ਵਹਾਅ ਨੂੰ ਰੋਕਣ ਅਤੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਕਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ, ਜਦੋਂ ਤੱਕ ਵਿਭਾਗ ਨੇ ਕਾਰਵਾਈ ਸ਼ੁਰੂ ਕੀਤੀ, ਉਦੋਂ ਤੱਕ ਕਿਸਾਨਾਂ ਦੀ ਲੱਖਾਂ ਰੁਪਏ ਦੀ ਕੀਮਤੀ ਫ਼ਸਲ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਚੁੱਕੀ ਸੀ।

ਵਿਭਾਗ ਦਾ ਦਾਅਵਾ: ਟਰੈਕਟਰ ਵੱਜਣ ਕਾਰਨ ਟੁੱਟਿਆ ਸੂਆ

ਨਹਿਰੀ ਵਿਭਾਗ ਦੇ ਐਸਡੀਓ (SDO) ਜਗਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਜਾਂਚ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸਾਨ ਦੇ ਟਰੈਕਟਰ ਦਾ ਕੋਈ ਹਿੱਸਾ ਸੂਏ ਦੇ ਕਿਨਾਰੇ ਨਾਲ ਟਕਰਾਇਆ ਸੀ, ਜਿਸ ਕਾਰਨ ਉਸ ਵਿੱਚ ਦਰਾਰ ਆ ਗਈ ਅਤੇ ਸੂਆ ਟੁੱਟ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਿਸਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ

ਨਹਿਰੀ ਵਿਭਾਗ ਨੇ ਇਸ ਸਾਰੇ ਨੁਕਸਾਨ ਲਈ ਕਿਸਾਨ ਗੁਰਦੀਪ ਸਿੰਘ ਨੂੰ ਕਸੂਰਵਾਰ ਮੰਨਿਆ ਹੈ। ਵਿਭਾਗ ਦੇ ਜੇਈ (JE) ਦੀ ਸ਼ਿਕਾਇਤ ‘ਤੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ‘ਤੇ ਸੱਦਿਆ ਗਿਆ ਅਤੇ ਕਿਸਾਨ ਵਿਰੁੱਧ ਮਾਮਲਾ ਦਰਜ ਕਰਵਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ। ਜਿਵੇਂ ਹੀ ਇਸ ਕਾਰਵਾਈ ਦੀ ਖ਼ਬਰ ਇਲਾਕੇ ਦੇ ਪਿੰਡ ਵਾਸੀਆਂ ਨੂੰ ਮਿਲੀ, ਤਾਂ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ।

ਕਿਸਾਨਾਂ ਦਾ ਆਰੋਪ: ਆਪਣੀ ਨਾਕਾਮੀ ਲੁਕਾ ਰਿਹਾ ਵਿਭਾਗ

ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਇਹ ਸੂਆ ਕਿਸੇ ਟਰੈਕਟਰ ਦੀ ਟੱਕਰ ਨਾਲ ਨਹੀਂ, ਸਗੋਂ ਨਹਿਰੀ ਵਿਭਾਗ ਦੀ ਲਾਪਰਵਾਹੀ ਅਤੇ ਮਾੜੇ ਰੱਖ-ਰਖਾਅ ਕਾਰਨ ਟੁੱਟਿਆ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਵਿਭਾਗ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਇੱਕ ਗ਼ਰੀਬ ਕਿਸਾਨ ਨੂੰ ਮੋਹਰਾ ਬਣਾ ਰਿਹਾ ਹੈ ਅਤੇ ਉਸ ਸਿਰ ਝੂਠਾ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਖ਼ਿਲਾਫ਼ ਕੋਈ ਵੀ ਨਾਜਾਇਜ਼ ਕਾਰਵਾਈ ਕੀਤੀ ਗਈ, ਤਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Follow Us