ਲੁਧਿਆਣਾ DC ਦਫ਼ਤਰ ਤੇ ਰੇਲਵੇ ਲਾਈਨਾਂ ਨੂੰ ਬੰਬ’ ਨਾਲ ਉਡਾਉਣ ਦੀ ਧਮਕੀ, ਖਾਲਿਸਤਾਨ ਨੈਸ਼ਨਲ ਆਰਮੀ ਨੇ ਭੇਜੀ ਈਮੇਲ

Updated On: 

17 Jun 2026 16:46 PM IST

ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ (DC) ਦਫ਼ਤਰ, ਨਗਰ ਨਿਗਮ ਮੁੱਖ ਦਫ਼ਤਰ ਅਤੇ ਰੇਲਵੇ ਲਾਈਨਾਂ ਨੂੰ ਮਾਨਵ ਬੰਬ (ਆਤਮਘਾਤੀ ਹਮਲੇ) ਰਾਹੀਂ ਉਡਾਉਣ ਦੀ ਇੱਕ ਬੇਹੱਦ ਸਨਸਨੀਖੇਜ਼ ਧਮਕੀ ਭਰੀ ਈਮੇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਭਰੀ ਮੇਲ 'ਖਾਲਿਸਤਾਨ ਨੈਸ਼ਨਲ ਆਰਮੀ' ਦੇ ਨਾਮ ਹੇਠ ਸਿੱਧੇ ਤੌਰ 'ਤੇ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੀ ਗਈ ਹੈ।

ਲੁਧਿਆਣਾ DC ਦਫ਼ਤਰ ਤੇ ਰੇਲਵੇ ਲਾਈਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲਿਸਤਾਨ ਨੈਸ਼ਨਲ ਆਰਮੀ ਨੇ ਭੇਜੀ ਈਮੇਲ

ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ (DC) ਦਫ਼ਤਰ, ਨਗਰ ਨਿਗਮ ਮੁੱਖ ਦਫ਼ਤਰ ਅਤੇ ਰੇਲਵੇ ਲਾਈਨਾਂ ਨੂੰ ਮਾਨਵ ਬੰਬ (ਆਤਮਘਾਤੀ ਹਮਲੇ) ਰਾਹੀਂ ਉਡਾਉਣ ਦੀ ਇੱਕ ਬੇਹੱਦ ਸਨਸਨੀਖੇਜ਼ ਧਮਕੀ ਭਰੀ ਈਮੇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਭਰੀ ਮੇਲ ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਮ ਹੇਠ ਸਿੱਧੇ ਤੌਰ ‘ਤੇ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੀ ਗਈ ਹੈ।

ਇਸ ਖ਼ੌਫ਼ਨਾਕ ਮੇਲ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ਅਤੇ ਡੀਸੀ ਦਫ਼ਤਰ ਸਮੇਤ ਨਗਰ ਨਿਗਮ ਕੰਪਲੈਕਸ ਵਿੱਚ ਆਉਣ-ਜਾਣ ਵਾਲੇ ਹਰ ਸ਼ੱਕੀ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਧਮਕੀ ਭਰੀਆਂ ਮੇਲਾਂ ਪਹਿਲਾਂ ਵੀ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਜਾਂਚ ਦੌਰਾਨ ਉਨ੍ਹਾਂ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਸੀ, ਪਰ ਫਿਰ ਵੀ ਸੁਰੱਖਿਆ ਦੇ ਲਿਹਾਜ਼ ਨਾਲ ਪ੍ਰਸ਼ਾਸਨ ਕੋਈ ਢਿੱਲ ਨਹੀਂ ਵਰਤ ਰਿਹਾ ਅਤੇ ਪੂਰੀ ਤਰ੍ਹਾਂ ਚੌਕਸ ਹੈ।

ਸਵੇਰੇ ਪ੍ਰਾਪਤ ਹੋਈ ਈਮੇਲ

ਪ੍ਰਾਪਤ ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਨੂੰ 17 ਜੂਨ, 2026 ਦੀ ਸਵੇਰ ਨੂੰ ਕਰੀਬ 9:34 ਵਜੇ ਇਹ ਈਮੇਲ ਪ੍ਰਾਪਤ ਹੋਈ। ਮੇਲ ਭੇਜਣ ਵਾਲੇ ਵਿਅਕਤੀ ਨੇ ਖ਼ੁਦ ਨੂੰ ‘ਖਾਲਿਸਤਾਨ ਨੈਸ਼ਨਲ ਆਰਮੀ’ ਜਥੇਬੰਦੀ ਦਾ ਮੈਂਬਰ ਦੱਸਿਆ ਹੈ ਅਤੇ ਇਸ ਮੇਲ ਦੇ ਅੰਦਰ ਬੇਹੱਦ ਆਪੱਤੀਜਨਕ, ਭੜਕਾਊ ਅਤੇ ਡਰਾਉਣੀਆਂ ਗੱਲਾਂ ਲਿਖੀਆਂ ਗਈਆਂ ਹਨ।

ਇਸ ਘਟਨਾ ਤੋਂ ਤੁਰੰਤ ਬਾਅਦ ਲੁਧਿਆਣਾ ਦੇ ਮੇਅਰ ਦਫ਼ਤਰ, ਡੀਸੀ ਕੰਪਲੈਕਸ ਅਤੇ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਕਈ ਗੁਣਾ ਵਧੇਰੇ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਦੀਆਂ ਖ਼ੁਫ਼ੀਆ ਟੀਮਾਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਸਿਸਟਮ ਰਾਹੀਂ ਭੇਜੀ ਗਈ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੈ ਜਾਂ ਫਿਰ ਵਾਕਈ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ।

ਅਧਿਕਾਰਤ ਇਨਬਾਕਸ ਵਿੱਚ ਆਈ ਧਮਕੀ ਭਰੀ ਈਮੇਲ

ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਧਮਕੀ ਭਰਿਆ ਪੱਤਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ (DC) ਦਫ਼ਤਰ ਅਤੇ ਨਗਰ ਨਿਗਮ ਦੇ ਸਰਕਾਰੀ ਇਨਬਾਕਸ ਵਿੱਚ ਪ੍ਰਾਪਤ ਹੋਇਆ ਸੀ। ਈਮੇਲ ਭੇਜਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਅਹਿਮ ਸਰਕਾਰੀ ਇਮਾਰਤਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਬੰਬ ਪਲਾਂਟ ਕਰ ਦਿੱਤੇ ਗਏ ਹਨ, ਜੋ ਕਿਸੇ ਵੀ ਸਮੇਂ ਵੱਡੇ ਧਮਾਕੇ ਨਾਲ ਫਟ ਸਕਦੇ ਹਨ।

ਧਮਕੀ ਮਿਲਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੇ ਬਿਨਾਂ ਕੋਈ ਸਮਾਂ ਗਵਾਏ ਉੱਚ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤਾ। ਇਨ੍ਹਾਂ ਟੀਮਾਂ ਵੱਲੋਂ ਡੀਸੀ ਦਫ਼ਤਰ ਅਤੇ ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਚੱਪੇ-ਚੱਪੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਹਾਲਾਂਕਿ, ਮੁਢਲੀ ਜਾਂਚ ਅਤੇ ਚੈਕਿੰਗ ਦੌਰਾਨ ਉੱਥੋਂ ਕੋਈ ਵੀ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਹੈ।

ਪੁਲਿਸ ਦੇ ਸਾਈਬਰ ਸੈੱਲ ਵੱਲੋਂ ਟੈਕਨੀਕਲ ਜਾਂਚ ਸ਼ੁਰੂ

ਲੁਧਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਢੁਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਸਾਈਬਰ ਸੈੱਲ ਟੀਮ ਹੁਣ ਉਸ ਆਈਪੀ ਐਡਰੈੱਸ ਅਤੇ ਈਮੇਲ ਡੋਮੇਨ ਨੂੰ ਟਰੇਸ ਕਰਨ ਵਿੱਚ ਜੁਟ ਗਈ ਹੈ, ਜਿਸ ਦੀ ਵਰਤੋਂ ਕਰਕੇ ਇਹ ਫਰਜ਼ੀ ਧਮਕੀ ਭੇਜੀ ਗਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਮਨ-ਕਾਨੂੰਨ ਵਿਵਸਥਾ ਅਤੇ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਜਾਪਦੀ ਹੈ। ਮੁਲਜ਼ਮ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਅਫ਼ਵਾਹਾਂ ਅਤੇ ਧਮਕੀਆਂ

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਲੁਧਿਆਣਾ ਦੇ ਇਨ੍ਹਾਂ ਮੁੱਖ ਸਰਕਾਰੀ ਦਫ਼ਤਰਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਹਾਲ ਹੀ ਦੇ ਮਹੀਨਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਕਿ ਸਕੂਲਾਂ, ਹਵਾਈ ਅੱਡਿਆਂ ਅਤੇ ਪ੍ਰਮੁੱਖ ਸਰਕਾਰੀ ਇਮਾਰਤਾਂ ਨੂੰ ਮਿਲਣ ਵਾਲੀਆਂ ਫਰਜ਼ੀ ਬੰਬ ਧਮਕੀਆਂ ਦੇ ਸਿਲਸਿਲੇ ਦਰਮਿਆਨ ਲੁਧਿਆਣਾ ਵਿੱਚ ਵੀ ਪਹਿਲਾਂ ਅਜਿਹੀਆਂ ਅਫ਼ਵਾਹਾਂ ਸਾਹਮਣੇ ਆ ਚੁੱਕੀਆਂ ਹਨ। ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਖ਼ੌਫ਼ ਜਾਂ ਅਫ਼ਵਾਹਾਂ ਦਾ ਸ਼ਿਕਾਰ ਨਾ ਹੋਣ, ਕਿਉਂਕਿ ਸੁਰੱਖਿਆ ਦੇ ਪੁਖ਼ਤਾ ਅਤੇ ਪੂਰੇ ਇੰਤਜ਼ਾਮ ਕੀਤੇ ਗਏ ਹਨ।

ਪ੍ਰਸ਼ਾਸਨ ਨੂੰ ਭੇਜੀ ਗਈ ਮੇਲ ਵਿੱਚ ਮੁੱਖ ਗੱਲਾ

ਮੇਅਰ ਅਤੇ DC ਦਫ਼ਤਰ ‘ਤੇ ਫਿਦਾਈਨ ਹਮਲਾ: ਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੱਜ ਦੁਪਹਿਰ 1:11 ਵਜੇ ਲੁਧਿਆਣਾ ਦੇ ਮੇਅਰ ਅਤੇ ਡੀਸੀ ਦਫ਼ਤਰ ਨੂੰ ‘ਮਾਨਵ ਬੰਬ’ ਰਾਹੀਂ ਉਡਾ ਦਿੱਤਾ ਜਾਵੇਗਾ।

ਸੀਐਮ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ: ਈਮੇਲ ਵਿੱਚ ਲਿਖਿਆ ਗਿਆ ਹੈ ਕਿ ਸਾਲ 2027 ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਰ੍ਹਾਂ ਆਤਮਘਾਤੀ ਹਮਲਾ ਕੀਤਾ ਜਾਵੇਗਾ।

ਰੇਲਵੇ ਟ੍ਰੈਕ ਅਤੇ ਆਮ ਜਨਤਾ ਨੂੰ ਚੇਤਾਵਨੀ: ਮੇਲ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ 18 ਜੂਨ ਤੋਂ 30 ਸਤੰਬਰ ਦੇ ਵਿਚਕਾਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਰੇਲਵੇ ਟ੍ਰੈਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਮੇਲ ਭੇਜਣ ਵਾਲੇ ਨੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਲਿਖਿਆ ਹੈ, “ਆਪਣੇ ਬੱਚੇ ਬਚਾਓ, ਕੋਈ ਵੀ 18 ਜੂਨ ਤੋਂ 30 ਸਤੰਬਰ ਦਰਮਿਆਨ ਦਿੱਲੀ ਵਾਲੀ ਰੇਲਗੱਡੀ ਰਾਹੀਂ ਸਫ਼ਰ ਨਾ ਕਰੇ।”

ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ: ਈਮੇਲ ਦੇ ਅਖੀਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਣ ਅਤੇ ਹਰਦੀਪ ਸਿੰਘ ਨਿਜੱਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਵੀ ਕਹੀ ਗਈ ਹੈ।

Follow Us