ਵਿਦੇਸ਼ਾਂ ‘ਚ ਵੀ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੇਗੀ SGPC, ਅਮਰੀਕਾ ਪਹੁੰਚੇ ਪ੍ਰਧਾਨ ਧਾਮੀ ਦਾ ਭਰਵਾਂ ਸਵਾਗਤ
ਅਮਰੀਕਾ ਦੇ ਦੌਰੇ 'ਤੇ ਗਏ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਉੱਚ-ਪੱਧਰੀ ਵਫ਼ਦ ਦਾ ਉੱਥੋਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਸੰਗਤਾਂ ਵੱਲੋਂ ਬੇਹੱਦ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਅਮਰੀਕਾ ਦੇ ਦੌਰੇ ‘ਤੇ ਗਏ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਉੱਚ-ਪੱਧਰੀ ਵਫ਼ਦ ਦਾ ਉੱਥੋਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਸੰਗਤਾਂ ਵੱਲੋਂ ਬੇਹੱਦ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਉੱਚ-ਪੱਧਰੀ ਵਫ਼ਦ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਹੇਠ ਅਮਰੀਕਾ ਪਹੁੰਚਿਆ ਹੋਇਆ ਹੈ।
ਗੁਰਮਤਿ ਸਿਧਾਂਤਾਂ ਦਾ ਪ੍ਰਸਾਰ
ਜਾਣਕਾਰੀ ਸਾਂਝੀ ਕਰਦਿਆਂ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ, ਗੁਰਮਤਿ ਸਿਧਾਂਤਾਂ ਦੇ ਪ੍ਰਸਾਰ ਅਤੇ ਨਵੀਂ ਪੀੜ੍ਹੀ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਲਗਾਤਾਰ ਸਰਗਰਮੀ ਨਾਲ ਕਾਰਜ ਕਰ ਰਹੀ ਹੈ।
ਇਸ ਵਿਸ਼ੇਸ਼ ਦੌਰੇ ਦੌਰਾਨ ਵਫ਼ਦ ਨੇ ਕੈਲੀਫੋਰਨੀਆ ਦੇ ਲੈਥਰੋਪ ਵਿਖੇ ਸਥਿਤ ਦਲ ਬਾਬਾ ਬਿਧੀ ਚੰਦ ਜੀ ਸੰਪਰਦਾ ਦੇ ਪੜਾਅ, ਦਮਦਮੀ ਟਕਸਾਲ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੰਟੀਕਾ ਅਤੇ ਫਰੈਜ਼ਨੋ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਮੇਤ ਕਈ ਹੋਰ ਪ੍ਰਮੁੱਖ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
ਹਰਜਿੰਦਰ ਸਿੰਘ ਧਾਮੀ ਦਾ ਅਮਰੀਕਾ ‘ਚ ਭਰਵਾਂ ਸਵਾਗਤ
ਇਸ ਮੁਬਾਰਕ ਮੌਕੇ ‘ਤੇ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸਤਬੀਰ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਅਤੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਫ਼ਰੈਜ਼ਨੋ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਜੁੜੀ ਬੈਠੀ ਵੱਡੀ ਗਿਣਤੀ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ਾਂ (ਬੇਅ ਏਰੀਆ ਅਤੇ ਅਮਰੀਕਾ) ਵਿੱਚ ਵਸੇ ਸਿੱਖ ਭਾਈਚਾਰੇ ਨੇ ਆਪਣੀ ਸਖ਼ਤ ਮਿਹਨਤ, ਇਮਾਨਦਾਰੀ, ਸਮਰਪਣ ਭਾਵਨਾ ਅਤੇ ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ ਸਦਕਾ ਪੂਰੀ ਦੁਨੀਆ ਦੇ ਨਕਸ਼ੇ ‘ਤੇ ਸਿੱਖ ਪਛਾਣ ਨੂੰ ਬਹੁਤ ਜ਼ਿਆਦਾ ਮਜ਼ਬੂਤ ਅਤੇ ਬੁਲੰਦ ਕੀਤਾ ਹੈ।
ਸਿੱਖ ਸੰਸਥਾਵਾਂ ਅਤੇ ਸੰਗਤਾਂ ਨੂੰ ਸਹਿਯੋਗ ਦੀ ਅਪੀਲ
ਲੈਥਰੋਪ ਵਿਖੇ ਆਯੋਜਿਤ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਐਡਵੋਕੇਟ ਧਾਮੀ ਨੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੀ ਸਰਪ੍ਰਸਤੀ ਹੇਠ ਦਲ ਬਾਬਾ ਬਿਧੀ ਚੰਦ ਸੰਪਰਦਾ ਵੱਲੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਨੇ ਯੂਬਾ ਸਿਟੀ ਵਿਖੇ ਸ਼ਿਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਜਾ ਰਹੇ ਨਵੇਂ ਪ੍ਰਿੰਟਿੰਗ ਪ੍ਰੈੱਸ ਅਤੇ ਧਰਮ ਪ੍ਰਚਾਰ ਕੇਂਦਰ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਮੁੱਚੀਆਂ ਅਮਰੀਕਨ ਸਿੱਖ ਜਥੇਬੰਦੀਆਂ, ਪ੍ਰਬੰਧਕਾਂ ਅਤੇ ਮਾਈ-ਭਾਈ ਸੰਗਤਾਂ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਦੂਜੇ ਪਾਸੇ, ਅਮਰੀਕਾ ਦੇ ਸਥਾਨਕ ਸਿੱਖ ਆਗੂਆਂ ਨੇ ਸ਼ਿਰੋਮਣੀ ਕਮੇਟੀ ਵੱਲੋਂ ਧਾਰਮਿਕ, ਪੰਥਕ ਅਤੇ ਵਿਦਿਅਕ ਖੇਤਰਾਂ ਵਿੱਚ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਪੂਰਨ ਭਰੋਸਾ ਦਿੱਤਾ।
