ਲੁਧਿਆਣਾ ‘ਚ ਗੁਆਂਢੀਆਂ ਦੀ ਗੁੰਡਾਗਰਦੀ, ਘਰ ‘ਤੇ ਅੰਨ੍ਹੇਵਾਹ ਚਲਾਏ ਇੱਟਾਂ-ਰੋੜੇ; ਲੜਕੀ ਨੂੰ ਤੰਗ ਕਰਨ ਦੇ ਲੱਗੇ ਇਲਜ਼ਾਮ

Updated On: 

28 Sep 2026 18:02 PM IST

ਲੁਧਿਆਣਾ 'ਚ ਬੀਤੀ ਦੇਰ ਰਾਤ ਉਸ ਸਮੇਂ ਭਾਰੀ ਹੰਗਾਮਾ ਅਤੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਕੁਝ ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਇਕ ਪਰਿਵਾਰ ਦੇ ਘਰ ਉੱਤੇ ਇੱਟਾਂ-ਪੱਥਰਾਂ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਕਰਨ ਦੇ ਮੁਲਜ਼ਮ ਪੀੜਤ ਪਰਿਵਾਰ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਹਨ।

ਲੁਧਿਆਣਾ ਚ ਗੁਆਂਢੀਆਂ ਦੀ ਗੁੰਡਾਗਰਦੀ, ਘਰ ਤੇ ਅੰਨ੍ਹੇਵਾਹ ਚਲਾਏ ਇੱਟਾਂ-ਰੋੜੇ; ਲੜਕੀ ਨੂੰ ਤੰਗ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ‘ਚ ਬੀਤੀ ਦੇਰ ਰਾਤ ਉਸ ਸਮੇਂ ਭਾਰੀ ਹੰਗਾਮਾ ਅਤੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਕੁਝ ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਇਕ ਪਰਿਵਾਰ ਦੇ ਘਰ ਉੱਤੇ ਇੱਟਾਂ-ਪੱਥਰਾਂ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਕਰਨ ਦੇ ਮੁਲਜ਼ਮ ਪੀੜਤ ਪਰਿਵਾਰ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਅਜਿਹਾ ਝਗੜਾ ਸਾਹਮਣੇ ਆਇਆ ਸੀ, ਪ੍ਰੰਤੂ ਉਸ ਵੇਲੇ ਇਲਾਕੇ ਦੇ ਮੋਹਤਬਰ ਲੋਕਾਂ ਨੇ ਦਖ਼ਲ ਦੇ ਕੇ ਆਪਸੀ ਰਾਜ਼ੀਨਾਮਾ ਕਰਵਾ ਦਿੱਤਾ ਸੀ। ਹਾਲਾਂਕਿ, ਇਸ ਵਾਰ ਮੁੜ ਹੋਈ ਭਾਰੀ ਪੱਥਰਬਾਜ਼ੀ ਤੋਂ ਬਾਅਦ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਪੂਰਾ ਭਰੋਸਾ ਦਿੱਤਾ ਹੈ।

ਪੀੜਤ ਪਰਿਵਾਰ ਨੇ ਲਾਏ ਧੀ ਨੂੰ ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ

ਪੀੜਤ ਪਰਿਵਾਰ ਨੇ ਦੋਸ਼ ਲਗਾਉਂਦਿਆਂ ਖ਼ੁਲਾਸਾ ਕੀਤਾ ਕਿ ਗੁਆਂਢ ਵਿੱਚ ਰਹਿੰਦੇ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਜਬਰੀ ਵੜ ਕੇ ਹਮਲਾ ਕੀਤਾ ਗਿਆ ਸੀ, ਪਰ ਉਸ ਸਮੇਂ ਸਮਾਜ ਦੇ ਮੋਹਤਬਰਾਂ ਨੇ ਸਮਝਾ-ਬੁਝਾ ਕੇ ਆਪਸੀ ਸਮਝੌਤਾ ਕਰਵਾ ਦਿੱਤਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਹੁਣ ਮੁੜ ਮੁਲਜ਼ਮਾਂ ਨੇ ਬੀਤੀ ਰਾਤ ਉਨ੍ਹਾਂ ਦੇ ਘਰ ਤੇ ਅੰਨ੍ਹੇਵਾਹ ਇੱਟਾਂ-ਪੱਥਰ ਚਲਾਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤਾਂ ਅਨੁਸਾਰ ਉਨ੍ਹਾਂ ਵੱਲੋਂ ਇਸ ਸਾਰੀ ਪੱਥਰਬਾਜ਼ੀ ਦੀ ਵੀਡੀਓ ਆਪਣੇ ਮੋਬਾਈਲ ਫ਼ੋਨ ਵਿੱਚ ਰਿਕਾਰਡ ਕਰ ਲਈ ਗਈ ਹੈ, ਜੋ ਸਬੂਤ ਵਜੋਂ ਪੁਲਿਸ ਨੂੰ ਸੌਂਪ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਦੂਜੀ ਧਿਰ ਨੇ ਨਕਾਰੇ ਦੋਸ਼

ਦੂਜੇ ਪਾਸੇ, ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਦੂਜੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਪੱਥਰਬਾਜ਼ੀ ਨਹੀਂ ਕੀਤੀ, ਸਗੋਂ ਇਹ ਕਾਰਾ ਕਿਸੇ ਬਾਹਰੀ ਸ਼ਰਾਰਤੀ ਅਨਸਰ ਵੱਲੋਂ ਕੀਤਾ ਗਿਆ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਲੜਕੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਪੀੜਤ ਧਿਰ ਬਿਨਾਂ ਵਜ੍ਹਾ ਉਨ੍ਹਾਂ ਦੀ ਵੀਡੀਓ ਬਣਾ ਰਹੀ ਸੀ, ਜਿਸ ਕਾਰਨ ਬਹਿਸਬਾਜ਼ੀ ਸ਼ੁਰੂ ਹੋਈ ਸੀ।

ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਏ ਜਾਣ ਵਾਲੇ ਰਸਮੀ ਬਿਆਨਾਂ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us