ਲੁਧਿਆਣਾ ‘ਚ ਦਰਦਨਾਕ ਹਾਦਸਾ: 14 ਸਾਲਾ ਹੈਂਡਬਾਲ ਖਿਡਾਰਨ ਅੰਸ਼ਿਕਾ ਦੀ ਟਰਾਲੀ ਹੇਠਾਂ ਆਉਣ ਨਾਲ ਮੌਤ, CCTV ‘ਚ ਕੈਦ ਹੋਇਆ ਹਾਦਸਾ
ਐਕਟਿਵਾ ਤੋਂ ਡਿੱਗਣ ਦੌਰਾਨ ਪਿੱਛੇ ਬੈਠੀ ਅੰਸ਼ਿਕਾ ਸੜਕ 'ਤੇ ਅਜਿਹੀ ਥਾਂ ਡਿੱਗੀ ਕਿ ਇੱਟਾਂ ਨਾਲ ਭਰੀ ਟਰਾਲੀ ਦਾ ਪਿਛਲਾ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਗਿਆ। CCTV 'ਚ ਦਿਖਾਈ ਦੇ ਰਿਹਾ ਹੈ ਕਿ ਭਾਰੀ ਟਰਾਲੀ ਦਾ ਟਾਇਰ ਅੰਸ਼ਿਕਾ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਜਾਂਦਾ ਹੈ।
ਲੁਧਿਆਣਾ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 14 ਸਾਲਾ ਹੈਂਡਬਾਲ ਖਿਡਾਰਨ ਅੰਸ਼ਿਕਾ ਦੀ ਮੌਤ ਹੋ ਗਈ। ਹਾਦਸੇ ਦਾ CCTV ਫੁਟੇਜ ਸਾਹਮਣੇ ਆਇਆ ਹੈ, ਜਿਸ ‘ਚ ਹਾਦਸੇ ਦੀ ਪੂਰੀ ਘਟਨਾ ਕੈਦ ਹੋਈ ਦਿਖਾਈ ਦੇ ਰਹੀ ਹੈ। ਅੰਸ਼ਿਕਾ 9ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਉਸ ਨੇ ਅੱਜ ਸਟੇਟ ਲੈਵਲ ਹੈਂਡਬਾਲ ਮੁਕਾਬਲੇ ਲਈ ਬਠਿੰਡਾ ਜਾਣਾ ਸੀ।
ਬਚਣ ਦੀ ਕੋਸ਼ਿਸ਼ ‘ਚ ਸੜਕ ‘ਤੇ ਡਿੱਗੀ ਐਕਟਿਵਾ
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਕਰੀਬ 4 ਵਜੇ ਅੰਸ਼ਿਕਾ ਇੱਕ ਸਕੂਟੀ’ਤੇ ਮੰਦਰ ਦੇ ਪੰਡਿਤ ਜੀ ਨਾਲ ਸਕੂਲ ‘ਚ ਪ੍ਰੈਕਟਿਸ ਲਈ ਜਾ ਰਹੀ ਸੀ। CCTV ਫੁਟੇਜ ਮੁਤਾਬਕ ਐਕਟਿਵਾ ‘ਤੇ ਕੁੱਲ ਤਿੰਨ ਲੋਕ ਸਵਾਰ ਸਨ।
ਜਦੋਂ ਸਕੂਟੀ ਸੜਕ ਤੋਂ ਲੰਘ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਹੋਰ ਸਕੂਟੀ ਆ ਗਈ। ਇਸੇ ਦੌਰਾਨ ਨਾਲੋਂ ਇੱਟਾਂ ਨਾਲ ਲੱਦੀ ਟਰਾਲੀ ਵੀ ਲੰਘ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਚਣ ਲਈ ਐਕਟਿਵਾ ਚਾਲਕ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਐਕਟਿਵਾ ਸਲਿੱਪ ਹੋ ਗਈ ਤੇ ਤਿੰਨੇ ਸੜਕ ‘ਤੇ ਡਿੱਗ ਪਏ।
ਟਰਾਲੀ ਦਾ ਟਾਇਰ ਅੰਸ਼ਿਕਾ ਦੇ ਸਿਰ ਉੱਪਰੋਂ ਲੰਘਿਆ
ਐਕਟਿਵਾ ਤੋਂ ਡਿੱਗਣ ਦੌਰਾਨ ਪਿੱਛੇ ਬੈਠੀ ਅੰਸ਼ਿਕਾ ਸੜਕ ‘ਤੇ ਅਜਿਹੀ ਥਾਂ ਡਿੱਗੀ ਕਿ ਇੱਟਾਂ ਨਾਲ ਭਰੀ ਟਰਾਲੀ ਦਾ ਪਿਛਲਾ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਗਿਆ। CCTV ‘ਚ ਦਿਖਾਈ ਦੇ ਰਿਹਾ ਹੈ ਕਿ ਭਾਰੀ ਟਰਾਲੀ ਦਾ ਟਾਇਰ ਅੰਸ਼ਿਕਾ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਜਾਂਦਾ ਹੈ।
ਇਹ ਵੀ ਪੜ੍ਹੋ
ਹਾਦਸੇ ਤੋਂ ਬਾਅਦ ਅੰਸ਼ਿਕਾ ਨੂੰ ਗੰਭੀਰ ਹਾਲਤ ‘ਚ ਇਲਾਜ ਲਈ DMC ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ।
ਸਟੇਟ ਲੈਵਲ ਮੈਚ ਖੇਡਣ ਦਾ ਸੁਪਨਾ ਰਹਿ ਗਿਆ ਅਧੂਰਾ
ਅੰਸ਼ਿਕਾ 9ਵੀਂ ਜਮਾਤ ਦੀ ਵਿਦਿਆਰਥਣ ਹੋਣ ਦੇ ਨਾਲ-ਨਾਲ ਇੱਕ ਹੋਣਹਾਰ ਹੈਂਡਬਾਲ ਖਿਡਾਰਨ ਸੀ। ਉਸ ਨੇ ਅੱਜ ਸਟੇਟ ਲੈਵਲ ਮੁਕਾਬਲੇ ‘ਚ ਹਿੱਸਾ ਲੈਣ ਲਈ ਬਠਿੰਡਾ ਜਾਣਾ ਸੀ। ਪਰ ਮੈਚ ਖੇਡਣ ਤੋਂ ਪਹਿਲਾਂ ਹੀ ਵਾਪਰੇ ਇਸ ਹਾਦਸੇ ਨੇ ਉਸ ਦਾ ਤੇ ਉਸ ਦੇ ਪਰਿਵਾਰ ਦਾ ਸੁਪਨਾ ਤੋੜ ਦਿੱਤਾ।
ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕਰਦੇ ਹਨ, ਜਦਕਿ ਉਸ ਦੀ ਮਾਂ ਗ੍ਰਹਿਣੀ ਹੈ। ਪਰਿਵਾਰ ‘ਚ ਅੰਸ਼ਿਕਾ ਦਾ 13 ਸਾਲਾ ਭਰਾ ਵੀ ਹੈ, ਜੋ ਉਸੇ ਸਕੂਲ ‘ਚ 9ਵੀਂ ਜਮਾਤ ‘ਚ ਪੜ੍ਹਦਾ ਹੈ। ਧੀ ਦੀ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ ਨੇ CCTV ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ
ਹਾਦਸੇ ਤੋਂ ਬਾਅਦ ਪੁਲਿਸ ਨੇ CCTV ਫੁਟੇਜ ਆਪਣੇ ਕਬਜ਼ੇ ‘ਚ ਲੈ ਲਈ ਹੈ। ਪੁਲਿਸ ਵੱਲੋਂ ਪੀੜਤ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ CCTV ਫੁਟੇਜ ਸਮੇਤ ਹੋਰ ਤੱਥਾਂ ਦੇ ਆਧਾਰ ‘ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਐਕਟਿਵਾ ਚਾਲਕ, ਟਰਾਲੀ ਤੇ ਹਾਦਸੇ ਦੇ ਪੂਰੇ ਹਾਲਾਤਾਂ ਸਬੰਧੀ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
