ਲਾਰੈਂਸ ਬਿਸ਼ਨੋਈ ਦੇ ਦੋ ਮੋਸਟ ਵਾਂਟਡ ਬਦਮਾਸ਼ ਗ੍ਰਿਫ਼ਤਾਰ, ਫਾਜ਼ਿਲਕਾ ‘ਚ ਕਤਲ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੱਲ ਰਹੇ ਸਨ ਫ਼ਰਾਰ

Updated On: 

14 Aug 2025 10:22 AM IST

Lawrence Bishnoi Gang Members Arrested: ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਹਾਲ ਹੀ 'ਚ ਫਾਜ਼ਿਲਕਾ 'ਚ ਭਾਰਤ ਰਤਨ ਉਰਫ਼ ਵਿੱਕੀ ਦੀ ਕਤਲ ਮਾਮਲੇ 'ਚ ਲੋੜੀਂਦੇ ਸਨ। ਮਈ 2025 ਨੂੰ ਦੋਵਾਂ ਨੇ ਕਤਲ ਨੂੰ ਅੰਜ਼ਾਮ ਦਿੱਤਾ ਸੀ, ਜਿਸ ਤੋਂ ਬਾਅਦ ਉਹ ਨੇਪਾਲ ਫ਼ਰਾਰ ਹੋ ਗਏ ਤੇ ਵਿਦੇਸ਼ ਬੈਠੇ ਗੈਂਗ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ 'ਚ ਇੱਕ ਵਾਰ ਫਿਰ ਕਿਸੀ ਖੌਫ਼ਨਾਕ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਾਪਸ ਆਏ ਸਨ।

ਲਾਰੈਂਸ ਬਿਸ਼ਨੋਈ ਦੇ ਦੋ ਮੋਸਟ ਵਾਂਟਡ ਬਦਮਾਸ਼ ਗ੍ਰਿਫ਼ਤਾਰ, ਫਾਜ਼ਿਲਕਾ ਚ ਕਤਲ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੱਲ ਰਹੇ ਸਨ ਫ਼ਰਾਰ
Follow Us On

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਮੋਸਟ ਵਾਂਟੇਡ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਟਿਆਲਾ-ਅੰਬਾਲਾ ਹਾਈਵੇਅ ‘ਤੇ ਸ਼ੰਭੂ ਪਿੰਡ ਨੇੜੇ ਹੋਈ।

ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਹਾਲ ਹੀ ‘ਚ ਫਾਜ਼ਿਲਕਾ ‘ਚ ਭਾਰਤ ਰਤਨ ਉਰਫ਼ ਵਿੱਕੀ ਦੇ ਕਤਲ ਮਾਮਲੇ ‘ਚ ਲੋੜੀਂਦੇ ਸਨ। ਮਈ 2025 ਨੂੰ ਦੋਵਾਂ ਨੇ ਕਤਲ ਨੂੰ ਅੰਜ਼ਾਮ ਦਿੱਤਾ ਸੀ, ਜਿਸ ਤੋਂ ਬਾਅਦ ਉਹ ਨੇਪਾਲ ਫ਼ਰਾਰ ਹੋ ਗਏ ਤੇ ਵਿਦੇਸ਼ ਬੈਠੇ ਗੈਂਗ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ‘ਚ ਇੱਕ ਵਾਰ ਫਿਰ ਕਿਸੀ ਖੌਫ਼ਨਾਕ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਾਪਸ ਆਏ ਸਨ।

4 ਸੂਬਿਆਂ ‘ਚ 15 ਤੋਂ ਵੱਧ ਮਾਮਲੇ ਦਰਜ

ਪੁਲਿਸ ਅਨੁਸਾਰ ਦੋਵਾਂ ਖਿਲਾਫ਼ ਪੰਜਾਬ, ਦਿੱਲੀ, ਰਾਜਸਥਾਨ ਤੇ ਗੁਜਰਾਤ ‘ਚ 15 ਤੋਂ ਵੀ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਸ ‘ਚ ਕਈ ਧਾਰਾਵਾਂ ਤਹਿਤ ਕਤਲ, ਕਤਲ ਦੀ ਕੋਸ਼ਿਸ਼ ਤੇ ਹੋਰ ਅਪਰਾਧ ਸ਼ਾਮਲ ਹਨ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਉਨ੍ਹਾਂ ਤੋਂ ਇੱਕ ਗਲੋਕ 9 ਐਮਐਮ ਪਿਸਤੌਲ ਬਰਾਮਦ ਕੀਤਾ ਹੈ ਤੇ ਇਸ ਤੋਂ ਇਲਾਵਾ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਸਬੰਧ ‘ਚ ਥਾਣਾ ਸਟੇਟ ਕ੍ਰਾਈਮ, ਐਸਏਐਸ ਨਗਰ ‘ਚ ਐਫਆਈਆਰ ਦਰਜ ਕੀਤੀ ਗਈ ਹੈ।

ਡਾਇਰੈਕਟਰ ਜਨਰਲ ਆਫ ਪੁਲਿਸ (ਪੰਜਾਬ) ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਬਰਾਮਦ ਕੀਤੇ ਗਏ ਹਥਿਆਰ ਦੀ ਤਸਵੀਰ ਵੀ ਸਾਂਝਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।