ਸਪੀਕਰ ਸੰਧਵਾਂ ਨੇ ਪੀਐਮ ਨੂੰ ਲਿਖਿਆ ਪੱਤਰ, ਰਾਜਸਥਾਨ ਦੇ ਸੋਕੇ ਵੱਲ ਖਿੱਚਿਆ ਧਿਆਨ; ਪਸ਼ੂਧਨ ਬਚਾਉਣ ਲਈ ਤੁਰੰਤ ਦਖਲ ਦੀ ਕੀਤੀ ਮੰਗ

Updated On: 

22 Jul 2026 13:04 PM IST

ਪੱਤਰ 'ਚ ਸੰਧਵਾਂ ਨੇ ਲਿਖਿਆ ਕਿ ਜੈਸਲਮੇਰ 'ਚ ਖਰੀਫ ਸੀਜ਼ਨ ਦੌਰਾਨ ਬਿਜਾਈ ਆਮ ਤੌਰ 'ਤੇ ਲਗਭਗ 7 ਲੱਖ ਹੈਕਟੇਅਰ 'ਚ ਹੁੰਦੀ ਹੈ, ਇਸ ਸਾਲ ਇਹ ਘੱਟ ਕੇ ਲਗਭਗ 1 ਲੱਖ ਹੈਕਟੇਅਰ ਰਹਿ ਗਈ ਹੈ। ਲਗਾਤਾਰ ਬਾਰਿਸ਼ ਦੀ ਘਾਟ ਨੇ ਚਾਰੇ ਤੇ ਪਾਣੀ ਦੀ ਗੰਭੀਰ ਘਾਟ ਪੈਦਾ ਕਰ ਦਿੱਤੀ ਹੈ, ਜਿਸ ਨਾਲ ਲੱਖਾਂ ਪਸ਼ੂਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਸਪੀਕਰ ਸੰਧਵਾਂ ਨੇ ਪੀਐਮ ਨੂੰ ਲਿਖਿਆ ਪੱਤਰ, ਰਾਜਸਥਾਨ ਦੇ ਸੋਕੇ ਵੱਲ ਖਿੱਚਿਆ ਧਿਆਨ; ਪਸ਼ੂਧਨ ਬਚਾਉਣ ਲਈ ਤੁਰੰਤ ਦਖਲ ਦੀ ਕੀਤੀ ਮੰਗ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਰਾਜਸਥਾਨ ‘ਚ ਦੇਰੀ ਨਾਲ ਆਏ ਮਾਨਸੂਨ ਕਾਰਨ ਪੈਦਾ ਹੋਈ ਗੰਭੀਰ ਸੋਕੇ ਵਰਗੀ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਦੀ ਘਾਟ ਨੇ ਰਾਜਸਥਾਨ ‘ਚ, ਖਾਸ ਕਰਕੇ ਜੈਸਲਮੇਰ ਤੇ ਬਾੜਮੇਰ ਵਰਗੇ ਸਰਹੱਦੀ ਜ਼ਿਲ੍ਹਿਆਂ ‘ਚ ਖੇਤੀਬਾੜੀ, ਪਸ਼ੂ ਪਾਲਣ ਤੇ ਪੇਂਡੂ ਜੀਵਨ ਲਈ ਡੂੰਘਾ ਸੰਕਟ ਪੈਦਾ ਕਰ ਦਿੱਤਾ ਹੈ।

ਪੱਤਰ ‘ਚ ਸੰਧਵਾਂ ਨੇ ਲਿਖਿਆ ਕਿ ਜੈਸਲਮੇਰ ‘ਚ ਖਰੀਫ ਸੀਜ਼ਨ ਦੌਰਾਨ ਬਿਜਾਈ ਆਮ ਤੌਰ ‘ਤੇ ਲਗਭਗ 7 ਲੱਖ ਹੈਕਟੇਅਰ ‘ਚ ਹੁੰਦੀ ਹੈ, ਇਸ ਸਾਲ ਇਹ ਘੱਟ ਕੇ ਲਗਭਗ 1 ਲੱਖ ਹੈਕਟੇਅਰ ਰਹਿ ਗਈ ਹੈ। ਲਗਾਤਾਰ ਬਾਰਿਸ਼ ਦੀ ਘਾਟ ਨੇ ਚਾਰੇ ਤੇ ਪਾਣੀ ਦੀ ਗੰਭੀਰ ਘਾਟ ਪੈਦਾ ਕਰ ਦਿੱਤੀ ਹੈ, ਜਿਸ ਨਾਲ ਲੱਖਾਂ ਪਸ਼ੂਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਰਾਜਸਥਾਨ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਕੋਲੋਂ ਮੰਗ ਰਹੇ ਮਦਦ

ਉਨ੍ਹਾਂ ਲਿਖਿਆ ਕਿ ਰਾਜਸਥਾਨ ‘ਚ ਸਥਿਤੀ ਗੰਭੀਰ ਹੈ, ਬਹੁਤ ਸਾਰੇ ਜਾਨਵਰ ਮਰ ਰਹੇ ਹਨ। ਕਈ ਪਿੰਡ ਵਾਸੀ ਚਾਰੇ ਦੀ ਘਾਟ ਕਾਰਨ ਆਪਣੇ ਪਸ਼ੂਆਂ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ। ਰਾਜਸਥਾਨ ਦੇ ਕਿਸਾਨ ਆਪਣੇ ਪਸ਼ੂਆਂ ਨੂੰ ਅਸਥਾਈ ਤੌਰ ‘ਤੇ ਚਰਾਉਣ ਤੇ ਆਸਰਾ ਦੇਣ ਲਈ ਪੰਜਾਬ ਦੇ ਕਿਸਾਨਾਂ ਤੋਂ ਸਹਾਇਤਾ ਦੀ ਮੰਗ ਰਹੇ ਹਨ।

ਸੰਧਵਾਂ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਸੋਕੇ ਦੌਰਾਨ ਪਸ਼ੂਆਂ ਦੇ ਅੰਤਰ-ਰਾਜੀ ਪ੍ਰਵਾਸ ( (Interstate Cattle Movement) ਨੂੰ “ਪਸ਼ੂ ਤਸਕਰੀ” ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖਦਸ਼ੇ ਕਿਸਾਨਾਂ ਨੂੰ ਹਿੰਸਾ ਜਾਂ ਭੀੜ ਦੇ ਹਮਲਿਆਂ ਦੇ ਜੋਖਮ ‘ਚ ਪਾ ਸਕਦੇ ਹਨ, ਜਿਸ ਨਾਲ ਸਹਾਇਤਾ ਯਤਨਾਂ ‘ਚ ਰੁਕਾਵਟ ਆ ਸਕਦੀ ਹੈ। ਉਨ੍ਹਾਂ ਦੇ ਲਿਖਿਆ ਕਿ ਪਸ਼ੂ ਸਿਰਫ਼ ਕਿਸਾਨਾਂ ਲਈ ਸੰਪਤੀ ਨਹੀਂ ਹਨ, ਸਗੋਂ ਉਨ੍ਹਾਂ ਦੀ ਰੋਜ਼ੀ-ਰੋਟੀ, ਪਛਾਣ ਤੇ ਆਰਥਿਕਤਾ ਦਾ ਅਨਿੱਖੜਵਾਂ ਅੰਗ ਹਨ।

ਪੀਐਮ ਨੂੰ ਦਖ਼ਲ ਦੇਣ ਦੀ ਮੰਗ

ਕੇਂਦਰ ਸਰਕਾਰ ਦੇ ‘ਰਾਸ਼ਟਰੀ ਗੋਕੁਲ ਮਿਸ਼ਨ’ ਤੇ ਗਊਸ਼ਾਲਾ ਨਾਲ ਸਬੰਧਤ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ, ਸਪੀਕਰ ਨੇ ਰਾਜਸਥਾਨ ਤੇ ਪੰਜਾਬ ਸਰਕਾਰਾਂ ਵਿਚਕਾਰ ਤਾਲਮੇਲ ਰਾਹੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਰਾਹਤ ਕਾਰਜਾਂ ‘ਚ ਤੇਜ਼ੀ ਆਵੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਸ਼ੂਆਂ ਦੀ ਜਾਇਜ਼ ਅੰਤਰ-ਰਾਜੀ ਆਵਾਜਾਈ ਨੂੰ ਗੈਰ-ਕਾਨੂੰਨੀ ਗਤੀਵਿਧੀ ਵਜੋਂ ਗਲਤ ਨਾ ਸਮਝਿਆ ਜਾਵੇ।

ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ‘ਚ ਨਿੱਜੀ ਤੌਰ ‘ਤੇ ਦਖਲ ਦੇਣ ਤੇ ਸਬੰਧਤ ਮੰਤਰਾਲਿਆਂ ਤੇ ਰਾਜ ਸਰਕਾਰਾਂ ਨੂੰ ਬਿਨਾਂ ਦੇਰੀ ਦੇ ਜ਼ਰੂਰੀ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਦਖਲਅੰਦਾਜ਼ੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਰਾਹਤ ਪ੍ਰਦਾਨ ਕਰੇਗੀ।

Follow Us