ਕਿਸਾਨ ਵੱਲੋਂ ਲਗਾਏ ਗਏ ਧਰਨੇ ਦੀ ਪੁਰਾਣੀ ਤਸਵੀਰ
ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ ਅੰਦੋਲਨ ਦਾ ਅੱਜ 14ਵਾਂ ਦਿਨ ਹੈ। ਫਿਲਹਾਲ ਕਿਸਾਨ ਆਗੂਆਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਕਿਸਾਨਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਬੈਠੇ ਹੋਏ ਹਨ।
ਜੇਕਰ ਕਿਸਾਨਾਂ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਪਿਛਲੀ ਦਿਨੀਂ ਕਿਸਾਨਾਂ ਨੇ ਡਬਲਿਓ ਟੀ ਓ ਦੇ ਖਿਲਾਫ਼ ਕਾਨਵੈਨਸ਼ਨਾਂ ਕਰਵਾਈਆਂ ਸਨ। ਜਿਸ ਤੋਂ ਬਾਅਦ ਅੱਜ ਜਾਣੀਕਿ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚਾ (SKM) ਕਿਸਾਨਾਂ ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇਗਾ। ਇਸ ਤੋਂ ਇਲਾਵਾ ਅੰਦੋਲਨ ਵਿੱਚ ਸ਼ਾਮਲ ਕਿਸਾਨ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦਾ ਪੁਤਲਾ ਫੂਕਣਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਕਿਸਾਨਾਂ ਨੇ ਕੇਂਦਰ ਨਾਲ ਗੱਲਬਾਤ ਦਾ ਸੰਕੇਤ ਦਿੱਤਾ ਸੀ। ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕੋਆਰਡੀਨੇਟਰ ਸਰਵਨ ਪੰਧੇਰ ਨੇ ਸ਼ੰਭੂ ਸਰਹੱਦ ‘ਤੇ ਕਿਹਾ, ‘ਸਰਕਾਰ ਸਰਹੱਦ ਅਤੇ ਇੰਟਰਨੈੱਟ ਖੋਲ੍ਹਣ ਲਈ ਕੰਮ ਕਰ ਰਹੀ ਹੈ। ਹੁਣ ਇਸ ਮਾਹੌਲ ਵਿੱਚ ਸਹੀ ਗੱਲਬਾਤ ਹੋ ਸਕਦੀ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਧਾਨ ਜਗਜੀਤ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਖ਼ਿਲਾਫ਼ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਨੂੰ ਚੁੱਕਣ, ਕੁੱਟਮਾਰ ਕਰਨ ਅਤੇ ਟਰੈਕਟਰ ਤੋੜਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦਸ ਦਈਏ ਕਿ ਖ਼ਬਰ ਲਿਖੇ ਜਾਣ ਤੱਕ ਬਾਰਡਰ ਨੇੜੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ਪੰਜਾਬ ਤੋਂ ਆਏ 4 ਕਿਸਾਨ ਅਤੇ ਇਸ ਤੋਂ ਇਲਾਵਾ ਡਿਊਟੀ ਨਿਭਾਅ ਰਹੇ 3 ਪੰਜਾਬ ਅਤੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਿਲ ਹਨ।