ਮੁੜ ਵਧ ਸਕਦੀਆਂ ਨੇ ਬਾਦਲ ਧੜ੍ਹੇ ਦੀਆਂ ਮੁਸ਼ਕਿਲਾਂ, 28 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਤੇ ਹੋਵੇਗੀ ਜੱਥੇਦਾਰਾਂ ਦੀ ਬੈਠਕ
28 ਜਨਵਰੀ ਨੂੰ ਹੋਣ ਵਾਲੇ ਬੈਠਕ ਵਿੱਚ ਜਿੱਥੇ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਸਬੰਧੀ ਚਰਚਾ ਹੋਵੇਗੀ ਤਾਂ ਉੱਥੇ ਹੀ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਨਾਲ ਸਬੰਧਿਤ ਵੀਡੀਓਜ਼ ਵਾਰ ਵਾਰ ਸ਼ੋਸਲ ਮੀਡੀਆ ਤੇ ਆਉਣ ਤੋਂ ਬਾਅਦ ਇਹ ਮੁੱਦਾ ਵੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਹੁਣ ਪੰਜਾਬ ਸਿੰਘ ਸਹਿਬਾਨ ਇਸ ਸਬੰਧੀ ਵੀ ਕੋਈ ਫੈਸਲਾ ਲੈ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਦੇ ਵਿਚਾਲੇ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜ੍ਹੇ ਦੇ ਲੀਡਰਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 28 ਜਨਵਰੀ ਨੂੰ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਦੀ ਅਹਿਮ ਬੈਠਕ ਬੁਲਾਈ ਹੈ। ਜਾਣਕਾਰੀ ਅਨੁਸਾਰ ਸਿੰਘ ਸਾਹਿਬਾਨਾਂ ਵੱਲੋਂ ਅਕਾਲੀ ਦਲ ਦੇ ਮੁੱਦਿਆਂ ਅਤੇ ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਇਲਜ਼ਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਵਾਦਾਂ ਨੂੰ ਲੈ ਕੇ ਪੰਜਾਬ ਵਿੱਚ 28 ਜਨਵਰੀ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਬੁਲਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਕੇ, ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦਾ ਜਾਪਦਾ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਕਾਰ ਵਿਵਾਦ ਗਰਮਾਉਂਦਾ ਜਾ ਰਿਹਾ ਹੈ।
ਮੌਜੂਦਾ ਲੀਡਰਸ਼ਿਪ ਤੇ ਵਿਵਾਦ
ਦਰਅਸਲ, ਅਕਾਲ ਤਖ਼ਤ ਸਾਹਿਬ ਤੋਂ ਸਪੱਸ਼ਟ ਹੁਕਮ ਸੀ ਕਿ ਇਨ੍ਹਾਂ ਅਪਰਾਧਾਂ ਕਾਰਨ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੱਖ ਪੰਥ ਨੂੰ ਰਾਜਨੀਤਿਕ ਅਗਵਾਈ ਪ੍ਰਦਾਨ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਵਿੱਚ ਨਵੀਂ ਭਰਤੀ ਲਈ 7 ਮੈਂਬਰੀ ਕਮੇਟੀ ਬਣਾਈ ਗਈ ਸੀ। ਪਰ, ਇਸ ਵੇਲੇ ਨਵੀਂ ਭਰਤੀ ਪ੍ਰਕਿਰਿਆ ਵਿੱਚ, ਸਿੰਘ ਸਾਹਿਬਾਨ ਦੁਆਰਾ ਗਠਿਤ ਵਰਕਿੰਗ ਕਮੇਟੀ ਅਤੇ 7 ਮੈਂਬਰੀ ਕਮੇਟੀ ਦਾ ਮੁੱਦਾ ਫਸਿਆ ਹੋਇਆ ਹੈ।
ਓਧਰ ਅਕਾਲੀ ਦਲ ਨੇ 20 ਜਨਵਰੀ ਤੋਂ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਸੀ, ਪਰ ਫੈਸਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ। ਅਕਾਲੀ ਦਲ ਨੇ ਆਪਣੀ ਮਰਜ਼ੀ ਨਾਲ ਇਹ ਜ਼ਿੰਮੇਵਾਰੀ ਆਪਣੇ ਚਹੇਤਿਆਂ ਨੂੰ ਸੌਂਪ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ, ਨਾ ਤਾਂ ਸੱਤ ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਹੋਈ ਅਤੇ ਨਾ ਹੀ ਕਮੇਟੀ ਮੈਂਬਰਾਂ ਨਾਲ ਭਰਤੀ ਦੇ ਮੁੱਦੇ ‘ਤੇ ਚਰਚਾ ਕੀਤੀ ਗਈ।
ਵਾਇਰਲ ਵੀਡੀਓ ਦਾ ਮੁੱਦਾ
ਕੁੱਝ ਦਿਨ ਪਹਿਲਾਂ ਬਾਗੀ ਲੀਡਰਾਂ ਵੱਲੋਂ ਮੁੜ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਕੀਤੀ ਗਈ ਸੀ। ਓਧਰ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਨਾਲ ਸਬੰਧਿਤ ਵੀਡੀਓਜ਼ ਵਾਰ ਵਾਰ ਸ਼ੋਸਲ ਮੀਡੀਆ ਤੇ ਆਉਣ ਤੋਂ ਬਾਅਦ ਇਹ ਮੁੱਦਾ ਵੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਹੁਣ ਪੰਜਾਬ ਸਿੰਘ ਸਹਿਬਾਨ ਇਸ ਸਬੰਧੀ ਵੀ ਕੋਈ ਫੈਸਲਾ ਲੈ ਸਕਦੇ ਹਨ।
ਇਹ ਵੀ ਪੜ੍ਹੋ