ਜਲੰਧਰ ਦੇ ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋਵੇਗਾ ਨਵੇਂ ਕ੍ਰਿਟੀਕਲ ਕੇਅਰ ਯੂਨਿਟ ਦਾ ਨਿਰਮਾਣ

Updated On: 

12 Feb 2023 14:17 PM

ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ 100 ਬਿਸਤਰਿਆਂ ਵਾਲੇ ਅਤਿ-ਆਧੁਨਿਕ ਕ੍ਰਿਟੀਕਲ ਕੇਅਰ ਯੂਨਿਟ ਦਾ ਨਿਰਮਾਣ ਤਿੰਨ ਮਹੀਨਿਆਂ ਚ ਸ਼ੁਰੂ ਹੋਵੇਗਾ.ਖਾਕਾ ਤਿਆਰ ਕਰਨ ਦਾ ਕੰਮ ਆਖਰੀ ਪੜਾਅ ਚ, ਹੈ। ਨਵੇਂ ਯੂਨਿਟ ਦੇ ਨਾਲ ਏਕੀਕ੍ਰਿਤ ਪਬਲਿਕ ਹੈਲਥ ਲੈਬੋਰੇਟਰੀ ਵੀ ਕੀਤੀ ਜਾਵੇਗੀ ਸ਼ੁਰੂ।

ਜਲੰਧਰ ਦੇ ਸਿਵਲ ਹਸਪਤਾਲ ਚ ਜਲਦ ਸ਼ੁਰੂ ਹੋਵੇਗਾ ਨਵੇਂ ਕ੍ਰਿਟੀਕਲ ਕੇਅਰ ਯੂਨਿਟ ਦਾ ਨਿਰਮਾਣ
Follow Us On

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਨਵੇਂ ਕ੍ਰਿਟੀਕਲ ਕੇਅਰ ਯੂਨਿਟ ਦੇ ਨਿਰਮਾਣ ਦਾ ਕੰਮ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਇਸ ਪ੍ਰਾਜੈਕਟ ਦਾ ਟੈਂਡਰ ਇੱਕ ਮਹੀਨੇ ਦੇ ਅੰਦਰ-ਅੰਦਰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਜਿਸ ਦੀ ਜਾਣਕਾਰੀ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਜਲਦ ਨਵੇਂ ਕ੍ਰਿਟੀਕਲ ਕੇਅਰ ਯੂਨਿਟ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਇਸ ਪ੍ਰੋਜੈਕਟ ਦਾ ਟੈਂਡਰ ਇੱਕ ਮਹੀਨੇ ਦੇ ਅੰਦਰ-ਅੰਦਰ ਜਾਰੀ ਕਰਨ ਦੀ ਵੀ ਸੰਭਾਵਨਾ ਹੈ ।

44.50 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਤਿਆਰ

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨਵੇਂ ਅਤਿ-ਆਧੁਨਿਕ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ 100 ਬਿਸਤਰਿਆਂ ਵਾਲਾ ਇਹ ਨਵਾਂ ਕ੍ਰਿਟੀਕਲ ਕੇਅਰ ਯੂਨਿਟ ਜ਼ਿਲ੍ਹੇ ਵਿੱਚ ਗੰਭੀਰ ਮਰੀਜ਼ਾਂ ਦੇ ਮਿਆਰੀ ਇਲਾਜ ਲਈ ਰਾਹ ਪੱਧਰਾ ਕਰੇਗਾ। ਇਸ ਪ੍ਰੋਜੈਕਟ ਦਾ ਖਾਕਾ ਤਿਆਰ ਕਰਨ ਦਾ ਕੰਮ ਅੰਤਿਮ ਪੜਾਅ ‘ਚ ਹੈ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਟੈਂਡਰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 44.50 ਕਰੋੜ ਰੁਪਏ ਹੈ, ਜੋ ਕਿ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਵੱਲੋਂ ਸਾਂਝੇ ਤੌਰ ‘ਤੇ ਸਹਿਣ ਕੀਤੀ ਜਾਵੇਗੀ ।

ਟੈਂਡਰ ਜਲਦ ਜਾਰੀ ਕੀਤੇ ਜਾਣ ਦੀ ਸੰਭਾਵਨਾ

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਲਈ ਕੁੱਲ ਤਿੰਨ ਥਾਵਾਂ ਦੀ ਸ਼ਨਾਖਤ ਕੀਤੀ ਗਈ ਸੀ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕਮੇਟੀ ਵੱਲੋਂ ਮੌਜੂਦਾ ਸਿਵਲ ਸਰਜਨ ਦਫ਼ਤਰ ਦੀ ਚੋਣ ਕੀਤੀ ਗਈ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਸਤੀਆਂ ਪੈਥੋਲੋਜੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਏਕੀਕ੍ਰਿਤ ਪਬਲਿਕ ਹੈਲਥ ਲੈਬੋਰੇਟਰੀ ਸਥਾਪਤ ਕਰਨ ਦਾ ਵੀ ਪ੍ਰਸਤਾਵ ਹੈ । ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਜੈਕਟ ਦੀ ਲਾਗਤ ਵਿੱਚ ਲੋੜੀਂਦੀ ਮਨੁੱਖੀ ਸ਼ਕਤੀ ਅਤੇ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਫੰਡ ਵੀ ਸ਼ਾਮਲ ਹਨ ।

ਇੱਕ ਦੋ ਦਿਨਾਂ ਤੱਕ ਸ਼ੁਰੂ ਹੋਵੇਗਾ ਪ੍ਰੋਜੈਕਟ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਕਿਹਾ ਕਿ ਇਹ ਕ੍ਰਿਟੀਕਲ ਕੇਅਰ ਯੂਨਿਟ ਜ਼ਿਲ੍ਹੇ ਭਰ ਦੇ ਐਡਵਾਂਸ ਮੈਡੀਕਲ ਸੇਵਾਵਾਂ ਦੀ ਲੋੜ ਵਾਲੇ ਲੋਕਾਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਦੀ ਮੌਜੂਦਾ ਇਮਾਰਤ ਨੂੰ ਢਾਹ ਕੇ ਇੱਥੇ ਨਵਾਂ ਕ੍ਰਿਟੀਕਲ ਕੇਅਰ ਯੂਨਿਟ ਬਣਾਇਆ ਜਾਵੇਗਾ। ਸਿਵਲ ਸਰਜਨ ਦਫ਼ਤਰ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਇੱਕ ਦੋ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ।

ਲੋਕਾਂ ਨੂੰ ਮਿਲੇਗੀ ਮਿਆਰੀ ਸਿਹਤ ਸਹੂਲਤਾਂ

ਸਿਵਲ ਸਰਜਨ ਦਫ਼ਤਰ ਨੂੰ ਅਜਿਹੀ ਥਾਂ ਬਦਲਿਆ ਜਾਵੇਗਾ ਜਿੱਥੇ ਕਿ ਲੋਕ ਅਸਾਨੀ ਨਾਲ ਜਾ ਕੇ ਆਪਣੀ ਸਮਸਿਆਵਾਂ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਮਿਲ ਸਕਣ । ਦੱਸ ਦਈਏ ਸਿਵਲ ਸਰਜਨ ਦਫ਼ਤਰ ਸੌਣ ਸਮੇਂ ਟਰੈਫਿਕ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਹੈ ਤੇ ਆਉਣ ਜਾਣ ਵਿਚ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਇਸ ਲਈ ਸਿਵਲ ਸਰਜਨ ਦਫ਼ਤਰ ਨੂੰ ਕਿਧਰੇ ਹੋਰ ਤਬਦੀਲ ਕੀਤਾ ਜਾ ਰਿਹਾ ਹੈ ।