ਕੇਜਰੀਵਾਲ ਵਾਂਗੂ ਭਗਵੰਤ ਮਾਨ ਤੋਂ ਵੀ ਹੋਵੇ ਪੁੱਛਗਿੱਛ, ਪੰਜਾਬ ‘ਚ ਵੀ 700 ਕਰੋੜ ਦੇ ਕਰੀਬ ਹੋਇਆ ਹੈ ਸ਼ਰਾਬ ਘੋਟਾਲਾ-Sukhbir Badal
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਕਿਹਾ ਕਿ ਜਿਸ ਤਰੀਕੇ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਆਬਕਾਰੀ ਮਾਮਲੇ ਵਿਚ ਪੁੱਛਗਿੱਛ ਕੀਤੀ ਹੈ, ਉਸੇ ਤਰੀਕੇ 700 ਕਰੋੜ ਰੁਪਏ ਦੇ ਪੰਜਾਬ ਆਬਕਾਰੀ ਘੁਟਾਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਵਿੱਚ ਵੀ ਵੱਡਾ ਸ਼ਰਾਬ ਘੋਟਾਲਾ ਹੋਇਆ ਹੈ।
ਜਲੰਧਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਜਲੰਧਰ ਜ਼ਿਮਨੀ ਚੋਣ ਲਈ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਕਾਰਨ ਉਹ ਜਲੰਧਰ ਪਹੁੰਚੇ ਤੇ ਉਨ੍ਹਾਂ ਨੇ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਉਹ ਵੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਆਬਕਾਰੀ ਨੀਤੀ ਦੀ ਤਰਜ਼ ਤੇ ਬਣਾਈ ਗਈ ਹੈ।
ਉਹਨਾਂ ਕਿਹਾ ਕਿ ਦਿੱਲੀ ਦੀ ਨੀਤੀ ਵਾਂਗ ਪੰਜਾਬ (Punjab) ਦੀ ਆਪ ਸਰਕਾਰ ਨੇ ਸਾਰਾ ਕਾਰੋਬਾਰ ਕੁਝ ਚੋਣਵੇਂ ਠੇਕੇਦਾਰਾਂ ਹਵਾਲੇ ਕਰ ਕੇ ਸ਼ਰਾਬ ਦੇ ਕਾਰੋਬਾਰ ਤੇ ਏਕਾਧਿਕਾਰ ਕਾਇਮ ਕਰਵਾ ਦਿੱਤਾ ਹੈ। ਇਹਨਾਂ ਵਿਚੋਂ ਦੋ ਠੇਕੇਦਾਰਾਂ ਬ੍ਰਿੰਡਕੋ ਅਤੇ ਆਨੰਤ ਵਾਈਨਜ਼, ਜਿਹਨਾਂ ਕੋਲ ਅੱਧਾ ਸ਼ਰਾਬ ਕਾਰੋਬਾਰ ਹੈ, ਨੂੰ ਦਿੱਲੀ ਵਿਚ ਵੀ ਸ਼ਰਾਬ ਦੇ ਕਾਰੋਬਾਰ ਵਿਚ ਵੱਡਾ ਹਿੱਸਾ ਪ੍ਰਾਪਤ ਸੀ।
‘ਆਮ ਆਦਮੀ ਪਾਰਟੀ ਕਰ ਰਹੀ ਪੈਸੇ ਦੀ ਦੁਰਵਰਤੋਂ’
ਸਰਦਾਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਪੱਧਰ ਦਾ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਸਰਕਾਰ ਠੇਕੇਦਾਰਾਂ ਦਾ ਮੁਨਾਫਾ ਦੁੱਗਣਾ ਕਰ ਦਿੱਤਾ ਜਦੋਂ ਕਿ ਸਰਕਾਰ ਨੂੰ ਅਜਿਹਾ ਕੁਝ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸੈਂਕੜੇ ਕਰੋੜ ਰੁਪਏ ਆਪ ਨੇ ਅਦਲੇ ਬਦਲੇ ਦੇ ਪ੍ਰਬੰਧ ਵਿਚ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਇਸੇ ਪੈਸੇ ਦੀ ਵਰਤੋਂ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਨੂੰ ਵਧਾਉਣ ਵਾਸਤੇ ਕੀਤੀ ਜਾ ਰਹੀ ਹੈ।
‘ਪੰਜਾਬ ਵਿੱਚ ਵੀ ਹੋ ਰਹੀ ਸਰਕਾਰੀ ਖਜਾਨੇ ਦੀ ਲੁੱਟ’
ਉਹਨਾਂ ਕਿਹਾ ਕਿ ਦਿੱਲੀ ਦਾ ਸ਼ਰਾਬ ਘੋਟਾਲਾ (Liquor scandal of Delhi) ਬੇਨਕਾਬ ਹੋ ਗਿਆ ਹੈ ਜਦੋਂ ਕਿ ਪੰਜਾਬ ਵਿਚ ਆਪ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਜਾਰੀ ਹੈ ਤੇ ਇਸਨੇ ਭ੍ਰਿਸ਼ਟਾਚਾਰ ਨਾਲ ਭਰੀ ਆਬਕਾਰੀ ਨੀਤੀ ਨੂੰ ਇਕ ਸਾਲ ਲਈ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਅਤੇ ਮੁੱਖ ਮੰਤਰੀ ਤੋਂ ਸਖ਼ਤੀ ਨਾਲ ਪੁੱਛ ਗਿੱਛ ਹੀ ਸਾਰੇ ਘੁਟਾਲੇ ਤੋਂ ਪਰਦਾਫਾਸ਼ ਕਰ ਸਕਦੀ ਹੈ।
‘ਸੀਐੱਮ ਦੇ ਦਿੱਲੀ ਜਾਣ ਦੀ ਵੀ ਕੀਤੀ ਨਿੰਦਾ’
ਅਕਾਲੀ ਦਲ ਦੇ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ (CBI) ਵੱਲੋਂ ਪੁੱਛਗਿੱਛ ਵਾਸਤੇ ਸੱਦਣ ਤੇ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਦਿੱਲੀ ਪਹੁੰਚੇ, ਉਸ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਜੇਕਰ ਕੋਈ ਵੀ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਤੁਸੀਂ ਉਸਨੂੰ ਗ੍ਰਿਫਤਾਰ ਕਰ ਲੈਂਦੇ ਹੋ ਅਤੇ ਤੁਸੀਂ ਕਲਕਾਰਾਂ, ਮੀਡੀਆ ਵਾਲਿਆਂ ਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖਸ਼ਿਆ ਜਦੋਂ ਕਿ ਦਿੱਲੀ ਵਿੱਚ ਤੁਸੀਂ ਭ੍ਰਿਸ਼ਟਾਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਹਾਡੇ ਕੋਲ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨ ਦੀ ਜੁਰੱਅਤ ਨਹੀਂ ਹੈ।
ਇਹ ਵੀ ਪੜ੍ਹੋ
ਨਸ਼ੇ ਦੇ ਦੋਸ਼ੀ ਨੂੰ ਬੀਜੇਪੀ ਨੇ ਕੀਤਾ ਸਨਮਾਨਿਤ-ਸੁਖਬੀਰ
ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਿਆਂ ਦੇ ਮਾਮਲੇ ਦੇ ਦੋਸ਼ੀ ਪਰਸ਼ੋਤਮ ਸੋਂਧੀ ਨੂੰ ਸਨਮਾਨਤ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੋਂਧੀ ਜੋ 22 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ ਤੇ ਦੋਸ਼ੀ ਠਹਿਰਾਇਆ ਗਿਆ। ਉਹ ਇੰਦਰ ਇਕਬਾਲ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਵੇਲੇ ਗ੍ਰਹਿ ਮੰਤਰੀ ਦੇ ਨਾਲ ਸਟੇਜ ਸਾਂਝੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਨਿੰਦਣਯੋਗ ਗੱਲ ਹੈ ਕਿ ਜਦੋਂ ਸਾਰੀ ਦੁਨੀਆਂ ਨੇ ਵੇਖਿਆ ਹੈ ਕਿ ਸੋਂਧੀ ਦਾ ਭਾਜਪਾ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ ਤਾਂ ਭਾਜਪਾ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੋਂਧੀ ਦਾ ਨਾਂਅ ਮੈਂਬਰਸ਼ਿਪ ਫਾਰਮ ਵਿੱਚ ਨਹੀਂ ਹੈ।
‘ਨਸ਼ੇ ਦੇ ਸੌਦਾਗਰਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਪੰਜਾਬੀ’
ਸਰਦਾਰ ਬਾਦਲ ਨੇ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਇਕ ਨਸ਼ਾ ਤਸਕਰ ਨੂੰ ਗ੍ਰਹਿ ਮੰਤਰੀ ਕੋਲ ਲਿਜਾਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇੰਦਰ ਇਕਬਾਲ ਸਿੰਘ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਉਹ ਸੋਂਧੀ ਦੇ ਬਿਜ਼ਨਸ ਪਾਰਟਰ ਹਨ ਤੇ ਹਰ ਵੇਲੇ ਸੋਂਧੀ ਉਹਨਾਂ ਦੇ ਨਾਲ ਹੀ ਸਫਰ ਕਰਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਵਿਚ ਚੰਗਾ ਸੰਦੇਸ਼ ਨਹੀਂ ਗਿਆ ਕਿਉਂਕਿ ਪੰਜਾਬੀ ਅਜਿਹੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ।