Jalandhar Bypoll Sehedule: ਚੋਣ ਕਮਿਸ਼ਨ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਪ੍ਰੋਗਰਾਮ ਜਾਰੀ
Election Commission Programme: ਵੋਟਾਂ 10 ਮਈ, 2023 (ਬੁੱਧਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 13 ਮਈ, 2023 (ਸ਼ਨੀਵਾਰ) ਨੂੰ ਕੀਤੀ ਜਾਵੇਗੀ। ਚੋਣ ਪ੍ਰਕ੍ਰਿਰਿਆ 15 ਮਈ, 2023 (ਸੋਮਵਾਰ) ਨੂੰ ਮੁਕੰਮਲ ਹੋ ਜਾਵੇਗੀ।
ਚੰਡੀਗੜ੍ਹ ਨਿਊਜ: ਭਾਰਤੀ ਚੋਣ ਕਮਿਸ਼ਨ (Election Commission) ਨੇ ਲੋਕ ਸਭਾ ਹਲਕਾ ਜਲੰਧਰ ਵਿੱਚ ਜ਼ਿਮਨੀ ਚੋਣ (Jalandhar Bypoll) ਕਰਵਾਉਣ ਲਈ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਸਿਬਿਨ ਸੀ ਨੇ ਦੱਸਿਆ ਕਿ ਇਸ ਬਾਰੇ ਨੋਟੀਫਿਕੇਸ਼ਨ 13 ਅਪ੍ਰੈਲ, 2023 (ਵੀਰਵਾਰ) ਨੂੰ ਜਾਰੀ ਕੀਤਾ ਜਾਵੇਗਾ, ਜਦਕਿ ਨਾਮਜ਼ਦਗੀਆਂ ਪੇਸ਼ ਕਰਨ ਦੀ ਆਖਰੀ ਮਿਤੀ 20 ਅਪ੍ਰੈਲ, 2023 (ਵੀਰਵਾਰ) ਹੈ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ, 2023 (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ, 2023 (ਸੋਮਵਾਰ) ਹੈ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਪ੍ਰੈਲ, 2023 ਤੋਂ 20 ਅਪ੍ਰੈਲ, 2023 ਤੱਕ ਜਨਤਕ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਰਿਟਰਨਿੰਗ ਅਫ਼ਸਰ ਕੋਲ ਪੇਸ਼ ਕੀਤੇ ਜਾ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ 04-ਜਲੰਧਰ (ਐਸਸੀ.) ਲੋਕ ਸਭਾ ਹਲਕੇ ਲਈ ਡਿਪਟੀ ਕਮਿਸ਼ਨਰ ਜਲੰਧਰ ਰਿਟਰਨਿੰਗ ਅਫ਼ਸਰ ਹਨ। ਇਸ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਫਾਰਮ 2ਏ ਵਿੱਚ ਭਰੇ ਜਾਣੇ ਹਨ। ਇਹ ਫਾਰਮ ਰਿਟਰਨਿੰਗ ਅਫ਼ਸਰ ਕੋਲ ਉਪਲੱਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਨਿਰਧਾਰਤ ਫਾਰਮ ਵਿੱਚ ਹੀ ਭਰੇ ਹੋਣ।
ਲੋਕ ਸਭਾ ਚੋਣ ਖੇਤਰ ਹਲਕੇ ਦੀ ਸੀਟ ਹਾਸਲ ਕਰਨ ਲਈ ਉਮੀਦਵਾਰ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ। ਇਸ ਸਬੰਧੀ ਰਿਟਰਨਿੰਗ ਅਫਸਰ ਦੀ ਸੰਤੁਸ਼ਟੀ ਲਈ, ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਦੀ ਸੰਬੰਧਿਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ਼ ਕਰਨੀ ਹੋਵੇਗੀ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਸਹੁੰ/ਪੁਸ਼ਟੀ ਸਬੰਧੀ ਸਰਟੀਫਿਕੇਟ ਪੇਸ਼ ਕੀਤਾ ਜਾਣਾ ਹੈ।
ਇਨ੍ਹਾਂ ਦਿਨਾਂ ‘ਚ ਜਮ੍ਹਾਂ ਨਹੀਂ ਹੋ ਸਕਦੇ ਨਾਮਜਦਗੀ ਪੱਤਰ
ਸੀਈਓ ਨੇ ਦੱਸਿਆ ਕਿ 14 ਅਪ੍ਰੈਲ (ਸ਼ੁੱਕਰਵਾਰ) ਨੂੰ ਵਿਸਾਖੀ ਅਤੇ ਡਾ ਬੀਆਰ ਅੰਬੇਡਕਰ ਦਾ ਜਨਮ ਦਿਨ ਹੈ। ਇਸ ਦਿਨ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਤਹਿਤ ਛੁੱਟੀ ਹੈ। ਇਸ ਲਈ ਇਸ ਦਿਨ ਉਮੀਦਵਾਰ ਨਾਮਜ਼ਦਗੀ ਪੱਤਰ ਪੇਸ਼ ਨਹੀਂ ਕਰ ਸਕਣਗੇ। ਉਹਨਾਂ ਦੱਸਿਆ ਕਿ 15 ਅਪ੍ਰੈਲ ਨੂੰ ਤੀਸਰਾ ਸ਼ਨੀਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਅਧੀਨ ਛੁੱਟੀ ਨਹੀਂ ਹੈ, ਇਸ ਲਈ ਉਮੀਦਵਾਰਾਂ ਵੱਲੋਂ ਉਸ ਦਿਨ ਨਾਮਜ਼ਦਗੀ ਪੱਤਰ ਪੇਸ਼ ਕੀਤੇ ਜਾ ਸਕਦੇ ਹਨ। 16 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਉਮੀਦਵਾਰ ਵੱਲੋਂ ਉਸ ਦਿਨ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੈ, ਇਸ ਲਈ ਉਸ ਦਿਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ।
ਸੀਈਓ ਨੇ ਦੱਸਿਆ ਕਿ 23 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਉਸ ਦਿਨ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਦੇ ਐਲਾਨ ਦੀ ਮਿਤੀ 29 ਮਾਰਚ, 2023 ਤੋਂ ਜ਼ਿਲ੍ਹਾ ਜਲੰਧਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕਿਿਰਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।