Jalandhar News: ਜਲੰਧਰ ਪਹੁੰਚੀ CM ਮਾਨ ਦੀ ਪਤਨੀ, ਕਥਾਵਾਚਕ ਜਯਾ ਕਿਸ਼ੋਰੀ ਨਾਲ ਕੀਤੀ ਮੁਲਾਕਾਤ
ਸੀਐੱਮ ਪੰਜਾਬ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਵਿਆਹ ਤੋਂ ਬਾਅਦ ਕਾਫ਼ੀ ਐਕਟੀਵ ਨਜ਼ਰ ਆਉਂਦੀ ਹੈ। ਗੁਰਪ੍ਰੀਤ ਕੌਰ ਜਲੰਧਰ ਪਹੁੰਚੀ ਜਿੱਥੇ ਕਥਾਵਾਚਕ ਜਯਾ ਕਿਸ਼ੋਰੀ ਨੇ ਭਾਗਵਤ ਕਥਾ ਦਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਭਾਗਵਤ ਕਥਾ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਵੀ ਮੁਲਾਕਾਤ ਕੀਤੀ।
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇਰ ਸ਼ਾਮ ਜਲੰਧਰ ਪਹੁੰਚੀ ਸਨ । ਉਨਾਂ ਦੇ ਜਲੰਧਰ ਪੁੱਜਣ ਤੇ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਸਵਾਗਤ ਕੀਤਾ । ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਾਈਂ ਦਾਸ ਸਕੂਲ ਦੀ ਗਰਾਊਂਡ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਵਿੱਚ ਜਾਕੇ ਆਪਣੀ ਹਾਜਰੀ ਲਗਵਾਈ ਅਤੇ ਦਰਸ਼ਨ ਕੀਤੇ । ਉਨ੍ਹਾਂ ਨੇ ਸ਼੍ਰੀਮਦ ਭਾਗਵਤ ਕਥਾ ਸੁਣਾਉਣ ਵਾਲੀ ਕ੍ਰਿਸ਼ਨ ਭਗਤ ਜਯਾ ਕਿਸ਼ੋਰੀ ਨਾਲ ਖਾਸ ਮੁਲਾਕਾਤ ਕੀਤੀ ਤੇ ਵਿਚਾਰ ਸਾਂਝੇ ਕੀਤੇ । ਉਨਾਂ ਵੱਲੋ ਸ਼੍ਰੀਮਦ ਭਾਗਵਤ ਕਥਾ ਦੇ ਸਮਾਗਮ ਦੀ ਰਸਮ ਜਯੋਤੀ ਜਲਾਕੇ ਸ਼ੁਰੂ ਕੀਤੀ ਗਈ ।
ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਰਮਨ ਅਰੋੜਾ ਦੀ ਕੀਤੀ ਸ਼ਲਾਘਾ
ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਵਿਧਾਇਕ ਰਮਨ ਅਰੋੜਾ ਵੱਲੋਂ ਆਪਣੇ ਇਲਾਕੇ ‘ਚ ਧਰਮ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਸਮਾਜਿਕ ਧਾਰਮਿਕ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਸਾਨੂੰ ਅਤੇ ਪੂਰੀ ਪੰਜਾਬ ਸਰਕਾਰ ਨੂੰ ਵਿਧਾਇਕ ਰਮਨ ਅਰੋੜਾ ‘ਤੇ ਮਾਣ ਹੈ। ਡਾ: ਗੁਰਪ੍ਰੀਤ ਕੌਰ ਜੋ ਕਿ ਸਮਾਜ ਵਿਚ ਧਾਰਮਿਕ ਅਤੇ ਸੱਭਿਆਚਾਰਕ ਕਾਰਜਾਂ ਨੂੰ ਸ਼ਾਨਦਾਰ ਢੰਗ ਨਾਲ ਕਰਵਾ ਰਹੇ ਹਨ ।
ਡਾ. ਗੁਰਪ੍ਰੀਤ ਕੌਰ ਨੇ ਸ਼੍ਰੀਮਦ ਭਾਗਵਤ ਕਥਾ ਦਾ ਆਨੰਦ ਮਾਣਿਆ
ਉਨਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦੇ ਕੇ ਸਾਨੂੰ ਕਰਮਯੋਗ ਦਾ ਗਿਆਨ ਸਿਖਾਇਆ ਹੈ । ਕਰਮ ਦੁਆਰਾ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ ਅਤੇ ਸਾਦਾ ਸੁਖ ਕੇਵਲ ਪ੍ਰਭੂ ਦੇ ਚਰਨਾਂ ਵਿੱਚ ਹੀ ਹੈ । ਭਾਗਵਤ ਕਥਾ ਤੋਂ ਵਧੀਆ ਕੋਈ ਸਾਧਨ ਨਹੀਂ, ਇਸ ਲਈ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਕਥਾ ਨੂੰ ਜ਼ਰੂਰੀ ਮਹੱਤਵ ਦੇਣਾ ਚਾਹੀਦਾ ਹੈ । ਭਾਗਵਤ ਕਥਾ ਤੋਂ ਵੱਡਾ ਕੋਈ ਸੱਚ ਨਹੀਂ ਹੈ ਤੇ ਭਾਗਵਤ ਕਥਾ ਅੰਮ੍ਰਿਤ ਹੈ। ਇਸ ਨੂੰ ਸੁਣ ਕੇ ਮਨੁੱਖ ਅੰਮ੍ਰਿਤ ਬਣ ਜਾਂਦਾ ਹੈ।
ਜਯਾ ਕਿਸ਼ੋਰੀ ਨੇ ਦਿੱਤਾ ਪ੍ਰਵਚਨ
ਇਸ ਦੌਰਾਨ ਅੰਤਰਰਾਸ਼ਟਰੀ ਕਥਾਕਾਰ ਜਯਾ ਕਿਸ਼ੋਰੀ ਨੇ ਕਿਹਾ ਕਦੇ ਵੀ ਤੀਰਥ ਸਥਾਨ ਨੂੰ ਮਨੋਰੰਜਨ ਦਾ ਸਥਾਨ ਨਾ ਬਣਾਇਆ ਜਾਵੇ ਅਤੇ ਹਰਿ ਦੇ ਨਾਮ ਨਾਲ ਹੀ ਜੀਵ ਦਾ ਕਲਿਆਣ ਹੁੰਦਾ ਹੈ। ਭਾਗਵਤ ਕਥਾ ਵਿਚਾਰ, ਵਿਕਾਰ, ਗਿਆਨ ਅਤੇ ਹਰੀ ਨੂੰ ਮਿਲਣ ਦਾ ਮਾਰਗ ਦਰਸਾਉਂਦੀ ਹੈ। ਉਨ੍ਹਾਂ ਕਲਯੁਗ ਦੀ ਮਹਿਮਾ ਦਾ ਵਰਣਨ ਕਰਦਿਆਂ ਕਿਹਾ ਕਿ ਕਲਯੁਗ ਵਿੱਚ ਹਰੀ ਦੇ ਨਾਮ ਨਾਲ ਹੀ ਜੀਵਨ ਦੀ ਬਰਕਤ ਮਿਲਦੀ ਹੈ ।
ਹਰੀ ਦਾ ਨਾਮ ਜਪਣ ਨਾਲ ਹੀ ਕਲਿਆਣ ਸੰਭਵ: ਜਯਾ ਕਿਸ਼ੋਰੀ
ਕਲਯੁਗ ਵਿਚ ਪਰਮਾਤਮਾ ਦਾ ਨਾਮ ਹੀ ਕਾਫੀ ਹੈ, ਹਰੀ ਦਾ ਨਾਮ ਸੱਚੇ ਮਨ ਨਾਲ ਜਪਣ ਨਾਲ ਹੀ ਕਲਿਆਣ ਸੰਭਵ ਹੈ। ਇਸ ਦੇ ਲਈ ਕਠਿਨ ਤਪੱਸਿਆ ਅਤੇ ਯੱਗ ਆਦਿ ਕਰਨ ਦੀ ਲੋੜ ਨਹੀਂ ਹੈ। ਜਦੋਂ ਕਿ ਸਤਿਯੁਗ, ਦੁਆਪਰ ਅਤੇ ਤ੍ਰੇਤਾਯੁੱਗ ਵਿੱਚ ਅਜਿਹਾ ਨਹੀਂ ਸੀ। ਕਥਾ ਦੇ ਅੰਤ ਵਿੱਚ ਸ਼੍ਰੀ ਕ੍ਰਿਸ਼ਨ ਦੀ ਹਰ ਲੀਲਾ ਬ੍ਰਹਮ ਹੈ ਅਤੇ ਹਰ ਲੀਲਾ ਦਾ ਅਧਿਆਤਮਕ ਮਹੱਤਵ ਹੈ ।