ਜਲੰਧਰ ਨਿਊਜ: ਬੀਤੇ ਦਿਨ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ (Rana Gurjeet Singh) ਵੱਲੋਂ ਜਲੰਧਰ ਲੋਕ ਸਭਾ ਉਪ ਚੋਣ ਪ੍ਰਚਾਰ ਦੌਰਾਨ ਇੱਕ ਔਰਤ ਨੂੰ ਪੈਸੇ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਤੇ ਸਿਆਸਤ ਭਖ ਗਈ ਹੈ। ਇਸ ਮੁੱਦੇ ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਲਾਏ।
ਮੁੱਖ ਮੰਤਰੀ ਮਾਨ ਨੇ ਜਲੰਧਰ ਚ ਚੋਣ ਪ੍ਰਚਾਰ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਣਾ ਗੁਰਜੀਤ ਲੋਕਾਂ ਨੂੰ ਵਿਕਾਊ ਸਮਝਦੇ ਹਨ। ਉਨ੍ਹਾਂ ਕੋਲ ਪੈਸੇ ਬਹੁਤ ਨੇ, ਤਾਂ ਹੀ ਉਹ ਇਸ ਨੂੰ ਵੰਡਦੇ ਨੇ। ਪਰ ਜਲੰਧਰ ਦੇ ਲੋਕ ਵਿਕਾਊ ਨਹੀਂ ਹਨ। ਉਹ ਸੋਚ ਸਮਝ ਕੇ ਹੀ ਵੋਟ ਪਾਉਣਗੇ।
ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਆਪ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਰਾਣਾ ਗੁਰਜੀਤ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਉਨ੍ਹਾਂ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਅਜਿਹੇ ਲੋਕਾਂ ਕੋਲੋਂ ਪੈਸ ਲੈ ਲਵੋ, ਪਰ ਇਨ੍ਹਾਂ ਨੂੰ ਵੋਟ ਨਾ ਪਾਉਣਾ। ਵੋਟ ਤੁਸੀਂ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਪਾਉਣਾ। ਜਦੋਂ ਉਨ੍ਹਾਂ ਦੀ ਪਾਰਟੀ ਜਿੱਤ ਕੇ ਆਵੇਗੀ ਤਾਂ ਅਜਿਹੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉੱਧਰ, ਜਲੰਧਰ ਵਿੱਚ ਰੈਲੀ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਭਾਵੇਂ ਜਿੱਤੇ ਜਾਂ ਹਾਰੇ, ਪਰ ਗੋਰਾਇਆ ਤੋਂ ਨਕੋਦਰ ਜਾਣ ਵਾਲੀ ਸੜਕ ਹਰ ਹਾਲ ਵਿੱਚ ਬਣਾ ਕੇ ਦੇਣਗੇ। ਉਨ੍ਹਾਂ ਕਿ ਪਾਰਟੀ ਲਈ ਲੋਕਾਂ ਦੇ ਕੰਮ ਪਹਿਲਾਂ ਨੇ, ਜਿੱਤ ਜਾਂ ਹਾਰ ਬਾਅਦ ਵਿੱਚ ਹੈ।
ਕੈਬਿਨੇਟ ਮੰਤਰੀ ਦਾ ਮਾਮਲੇ ਦੀ ਜਾਣਕਾਰੀ ਤੋਂ ਇਨਕਾਰ
ਉੱਧਰ ਸ਼ੁੱਕਰਵਾਰ ਨੂੰ ਜਲੰਧਰ ਦੇ ਪਿੰਡ ਫੋਲਦੀਵਾਲ ‘ਚ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਾਲਾਂਕਿ ਰਾਣਾ ਗੁਰਜੀਤ ਸਿੰਘ ਵੱਲੋਂ ਜਲੰਧਰ ਦੇ ਪੱਛਮੀ ਇਲਾਕੇ ਦੀ ਇੱਕ ਔਰਤ ਨੂੰ ਦਿੱਤੇ ਪੈਸਿਆਂ ਬਾਰੇ ਜਿਆਦਾ ਜਾਣਕਾਰੀ ਹੋਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਜਲੰਧਰ ਦੇ ਲੋਕ 10 ਮਈ ਨੂੰ ਉਨ੍ਹਾਂ ਨੂੰ ਆਪਣੇ ਆਪ ਜਵਾਬ ਦੇ ਦੇਣਗੇ।
ਵੀਡੀਓ ‘ਤੇ ਕਾਂਗਰਸ ਦੀ ਸਫਾਈ
ਉੱਧਰ ਵੀਡੀਓ ਤੇ ਵਿਵਾਦ ਭਖਣ ਤੋਂ ਬਾਅਦ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਔਰਤ ਨੂੰ ਉਨ੍ਹਾਂ ਨੇ ਪੈਸੇ ਦਿੱਤੇ ਸਨ, ਉਹ ਉਨ੍ਹਾਂ ਦੇ ਪਿੰਡ ਦੀ ਕੁੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੀਡੀਓ ਵਿਚ ਕਿਸੇ ਦੀ ਆਵਾਜ਼ ਆ ਵੀ ਰਹੀ ਹੈ ਪਰ ਉਸਨੂੰ ਦਬਾ ਦਿੱਤਾ ਗਿਆ ਹੈ।।
ਉੱਧਰ, ਰਾਣਾ ਗੁਰਜੀਤ ਦੀ ਹਮਾਇਤ ਵਿੱਚ ਉੱਤਰੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਵੀਡੀਓ ਵਿੱਚ ਨਜਰ ਆ ਰਹੀ ਲੜਕੀ ਉਨ੍ਹਾਂ ਦੇ ਹਲਕਾ ਕਪੂਰਥਲਾ ਦੀ ਹੈ ਅਤੇ ਇਸ ਲੜਕੀ ਦਾ ਜਲੰਧਰ ਵਿੱਚ ਵਿਆਹ ਹੋਇਆ ਹੈ। ਵੀਡੀਓ ਵਿੱਚ ਇੱਕ ਪਿਤਾ ਸਮਾਨ ਵਿਅਕਤੀ ਵੱਲੋਂ ਲੜਕੀ ਨਾਲ ਪਿਆਰ ਸਾਂਝਾ ਕੀਤਾ ਜਾ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ