ਜਲੰਧਰ ਨਿਊਜ: ਜਲੰਧਰ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ (BJP) ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਕਈ ਮੁੱਦਿਆਂ ਤੇ ਵਿਰੋਧੀਆਂ ਨੂੰ ਘੇਰਿਆ। ਪਰ ਜਦੋਂ ਉੱਤਰ ਪ੍ਰਦੇਸ਼ ਦੇ ਮਾਫੀਆ ਮੁਖਤਾਰ ਅੰਸਾਰੀ ਨੂੰ ਲੈ ਕੇ ਭਖੇ ਵਿਵਾਦ ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖਾ ਜਵਾਬ ਦਿੱਤਾ।
ਦਰਅਸਲ, ਹਾਲ ਹੀ ਵਿੱਚ ਮੁਖਤਾਰ ਅੰਸਾਰੀ ਦੇ ਵਕੀਲ ਦੀ 55 ਲੱਖ ਰੁਪਏ ਦੀ ਫੀਸ ਦੀ ਫਾਈਲ ਮੋੜਣ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਨੂੰ ਸੀਐੱਮ ਬਣੇ ਹਾਲੇ 9 ਮਹੀਨੇ ਹੀ ਹੋਏ ਹਨ, ਜਦਕਿ ਮੈਂ ਸਾਢੇ 9 ਸਾਲ ਤੱਕ ਮੁੱਖ ਮੰਤਰੀ ਰਿਹਾ ਹਾਂ। ਉਨ੍ਹਾਂ ਕਿਹਾ ਮੁਖਤਾਰ ਅੰਸਾਰੀ ਦੇ ਮੁੱਦੇ ਤੇ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਕੁਝ ਬੋਲਣਾ ਚਾਹੀਦਾ ਹੈ।
ਅਮ੍ਰਿਤਪਾਲ ਦੀ ਲੇਟ ਗ੍ਰਿਫਤਾਰੀ ‘ਤੇ ਨਿਸ਼ਾਨੇ
ਅਮ੍ਰਿਤਪਾਲ ਦੀ 36 ਦਿਨਾਂ ਬਾਅਦ ਹੋਈ ਗ੍ਰਿਫਤਾਰੀ ਨੂੰ ਲੈ ਕੇ ਕੈਪਟਨ ਨੇ ਆਪ ਸਰਕਾਰ ਦੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਪੁਲਿਸ ਦੀ ਨੱਕ ਹੇਠ ਘੁੰਮ ਰਿਹਾ ਸੀ। ਹਰ ਰੋਜ ਉਸਦੀ ਸੀਸਟੀਵੀ ਫੁਟੇਜ ਸਾਹਮਣੇ ਆ ਰਹੀ ਸੀ, ਪਰ ਪੁਲਿਸ ਉਸ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਸਕੀ। ਉਸਦੀ ਗ੍ਰਿਫਤਾਰੀ ਤਾਂ ਪਹਿਲੇ ਦਿਨ ਹੀ ਹੋ ਜਾਣੀ ਚਾਹੀਦੀ ਸੀ, ਇਨ੍ਹਾਂ ਸਮਾਂ ਨਹੀਂ ਲੱਗਣਾ ਚਾਹੀਦਾ ਸੀ।
ਪੀਐੱਮ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਠੋਕ ਕੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਇੰਟਰਨੈਸ਼ਨਲ ਲੇਵਲ ‘ਤੇ ਦੇਖੋ ਤਾਂ ਮੋਦੀ ਸਰਕਾਰ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਚਮਕਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਇੱਕ ਪਲ ਵੀ ਆਰਾਮ ਨਾਲ ਨਹੀਂ ਬੈਠਦੇ। ਭਾਜਪਾ ਸਰਕਾਰ ਹਰ ਵੇਲ੍ਹੇ ਨਵੀਆਂ ਯੋਜਨਾਵਾਂ ‘ਤੇ ਕੰਮ ਕਰਦੀ ਰਹਿੰਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ