Jalandhar Bypoll: ਜਲੰਧਰ ਲੋਕ ਸਭਾ ਜਿਮਨੀ ਚੋਣ ਲਈ SAD-BSP ਨੇ ਐਲਾਨਿਆ ਉਮੀਦਵਾਰ

Updated On: 

11 Apr 2023 19:30 PM

SAD-BSP Candidate: ਸੁਖਵਿੰਦਰ ਕੁਮਾਰ ਸੁੱਖੀ ਦੇ ਗਲ ਵਿੱਚ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਠੋਕਿਆ ਕਿ ਇਸ ਵਾਰ ਜਲੰਧਰ ਜਿਮਨੀ ਚੋਣ ਤੋਂ ਸੰਸਦ ਮੈਂਬਰ ਦੀ ਸੀਟ ਅਕਾਲੀ ਦਲ-ਬਸਪਾ ਗਠਜੋੜ ਹੀ ਜਿੱਤੇਗਾ।

Jalandhar Bypoll: ਜਲੰਧਰ ਲੋਕ ਸਭਾ ਜਿਮਨੀ ਚੋਣ ਲਈ SAD-BSP ਨੇ ਐਲਾਨਿਆ ਉਮੀਦਵਾਰ
Follow Us On

ਜਲੰਧਰ ਨਿਊਜ। ਲੋਕਸਭਾ ਦੀ ਜਲੰਧਰ ਜ਼ਿਮਨੀ ਚੋਣ (Jalandhar Bypoll) ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਹੁਜਨ ਸਮਾਜਵਾਦੀ ਪਾਰਟੀ (BSP) ਦੇ ਗਠਜੋੜ ਨੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ ਲੋਕ ਸਭਾ ਸੀਟ ਲਈ ਮੈਦਾਨ ਤੇ ਉਤਾਰਿਆ ਹੈ। ਦੱਸ ਦੇਈਏ ਕਿ ਡਾ. ਸੁੱਖੀ ਇਸ ਵੇਲ੍ਹੇ ਨਵਾਂਸ਼ਹਿਰ ਦੇ ਹਲਕਾ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸੁਖਬੀਰ ਸਿੰਘ ਬਾਦਲ ਅਤੇ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਬੰਗਾ ਹਲਕੇ ਤੋਂ ਕੋਮਲ ਸੁਭਾਅ ਵਾਲੇ ਵਿਧਾਇਕ ਅਤੇ ਚੰਗੇ ਇਨਸਾਨ ਹਨ। ਦੋਵਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਪਾਰਟੀ ਦੇ ਸਾਰੇ ਵਰਕਰ, ਆਗੂ ਅਤੇ ਵਿਧਾਇਕ ਉਨ੍ਹਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਉਣਗੇ।

ਇਮਾਨਦਾਰੀ ਨਾਲ ਨਿਭਾਵਾਂਗਾ ਜਿੰਮੇਦਾਰੀ -ਸੁੱਖੀ

ਉੱਧਰ, ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਜਲੰਧਰ ਤੋਂ ਹੀ ਬਣਿਆ ਸੀ ਅਤੇ ਉਹ ਜਲੰਧਰ ਦੇ ਹੀ ਵਸਨੀਕ ਹਨ। ਜਿੱਥੋਂ ਤੱਕ ਬਾਹਰੋਂ ਚੋਣ ਲੜਨ ਦਾ ਸਵਾਲ ਹੈ, ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸ ਵਿੱਚ ਕੋਈ ਬਾਹਰੋਂ ਨਹੀਂ ਸਗੋਂ ਪਾਰਟੀ ਤੋਂ ਚੋਣ ਲੜ ਰਿਹਾ ਹੈ। ਉਨ੍ਹਾਂ ਕਈ ਗੱਲਾਂ ਦੀ ਦਲੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਸਰੀਰਕ ਨਹੀਂ ਸਗੋਂ ਵਿਚਾਰਾਂ ਦੀ ਲੜਾਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਜ਼ਿਮਨੀ ਚੋਣ ਸੀਟ ਤੋਂ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ।

ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਨਾਮਜਦਗੀ ਭਰਨ ਦੀ ਆਖਰੀ ਤਾਰੀਖ 20 ਅਪ੍ਰੈਲ ਹੈ। ਨਾਮਜਦਗੀਆਂ ਦੀਆਂ ਛਟਣੀ 21 ਅਪ੍ਰੈਲ ਨੂੰ ਕੀਤੀ ਜਾਵੇਗੀ। ਜਿਸ ਤੋਂ 10 ਮਈ ਨੂੰ ਵੋਟਿੰਗ ਅਤੇ 13 ਮਈ ਨੁੂੰ ਨਤੀਜਾ ਐਲਾਨ ਦਿੱਤਾ ਜਾਵੇਗਾ। ਦੱਸ ਦਈਏ ਕਿ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋਈ ਸੀ, ਜਿਸ ਤੇ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।

ਜਲੰਧਰ ਲੋਕ ਸਭਾ ਸੀਟ ਤੇ ਡੇਰਿਆਂ ਦਾ ਪ੍ਰਭਾਵ

ਇਸ ਸੀਟ ਤੇ ਡੇਰਿਆਂ ਦਾ ਕਾਫੀ ਪ੍ਰਭਾਵ ਨਜਰ ਆਉਂਦਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਡੇਰਿਆਂ ਵਿੱਚ ਹਾਜਰੀ ਲਗਵਾ ਰਹੀਆਂ ਹਨ। ਬੀਤੇ ਐਤਵਾਰ ਨੂੰ ਜਿੱਥੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਅਤੇ ਕਈ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਵੱਖ-ਵੱਖ ਡੇਰਿਆਂ ਵਿਖੇ ਨਤਮਸਤਕ ਹੋਏ ਤਾਂ ਉੱਥੇ ਹੀ ਬੀਤੀ 25 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਸਚਖੰਡ ਬਲਾਂ ਵਿੱਚ ਹਾਜਰੀ ਲਗਵਾਈ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ