ਜਲੰਧਰ ਨਿਊਜ: ਮਰਹੂਮ ਕਾਂਗਰਸ ਆਗੂ ਅਤੇ ਲੋਕ ਸਭਾ ਮੈਂਬਰ
ਚੌਧਰੀ ਸੰਤੋਖ ਸਿੰਘ (Chaudhary Santokh Singh ) ਦੇ ਅਚਾਨਕ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੇ 10 ਮਈ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਨੇ ਜਲੰਧਰ ਚ ਡੇਰੇ ਲਾਏ ਹੋਏ ਹਨ। ਪਾਰਟੀ ਦਾ ਹਰ ਆਗੂ ਇਸ ਵੇਲ੍ਹੇ ਚੋਣ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ। ਇਸੇ ਸਿਲਸਿਲੇ ਵਿੱਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ਾਲ ਰੈਲੀ ਕਰਨ ਜਾ ਰਹੇ ਹਨ। ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵੋਟਰਾਂ ਨੂੰ ਸੰਬੋਧਿਤ ਕਰਨਗੇ।
ਦੱਸ ਦੇਈਏ ਕਿ ਕਾਂਗਰਸ ਛੱਡ ਕੇ ਆਏ
ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਟਿਕਟ ਦਿੱਤੀ ਹੈ। ਰਿੰਕੂ ਦੇ ਸਮਰਥਨ ਵਿੱਚ ਲਗਾਤਾਰ ਆਪ ਦੇ ਆਗੂ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ। ਉੱਧਰ ਕਾਂਗਰਸ ਨੇ ਵੀ ਵੀਰਵਾਰ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਵੀਰਵਾਰ ਨੂੰ ਜਿੱਥੇ ਕੇਜਰੀਵਾਲ ਜਲੰਧਰ ਦੇ ਚੋਣ ਅਖਾੜੇ ਵਿੱਚ ਉੱਤਰ ਰਹੇ ਹਨ, ਉੱਥੇ ਕਾਂਗਰਸ ਦੇ ਵੀ ਵੱਡੇ ਆਗੂ ਦਿਨ ਭਰ ਰੈਲੀਆਂ ਅਤੇ ਰੋਡ ਸ਼ੋਅ ਕਰਨ ਵਾਲੇ ਹਨ।
10 ਮਈ ਨੂੰ ਪੈਣੀਆਂ ਨੇ ਵੋਟਾਂ
ਜਲੰਧਰ ਲੋਕ ਸਭਾ ਸੀਟ ਲਈ 10 ਮਈ ਨੂੰ ਵੋਟਾਂ ਪੈਣੀਆਂ ਹਨ, ਜਦਕਿ 13 ਮਈ ਨੂੰ ਇਸ ਸੀਟ ਦਾ ਨਤੀਜਾ ਐਲਾਨਿਆ ਜਾਵੇਗਾ। ਇੱਕ ਪਾਸੇ ਜਿੱਥੇ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਬਤੌਰ ਉਮੀਦਵਾਰ
ਕਰਮਜੀਤ ਕੌਰ ਚੌਧਰੀ ਆਪਣੇ ਪਤੀ ਦੀ ਸੀਟ ਨੂੰ ਬਚਾਉਣ ਲਈ ਪੱਬਾ ਭਾਰ ਹੈ ਤਾਂ ਦੂਜੇ ਪਾਸੇ ਸੰਗਰੂਰ ਲੋਕ ਸਭਾ ਸੀਟ ਹੱਥੋਂ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਸੀਟ ਨੂੰ ਜਿੱਤ ਕੇ ਆਪਣੀ ਗੁਆਚੀ ਹੋਈ ਸਾਖ ਨੂੰ ਵਾਪਸ ਹਾਸਲ ਕਰਨਾ ਚਾਹੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ