ਮਖਦੂਮਪੁਰਾ ਕਤਲ ਕਾਂਡ: ਪੁੱਤਰ ਦੀ ਸੰਗਤ ਦਾ ਵਿਵਾਦ ਬਣਿਆ ਕਾਰੋਬਾਰੀ ਦੇ ਕਤਲ ਦਾ ਕਾਰਨ! 6 ਮੁਲਜ਼ਮ ਕਾਬੂ

Updated On: 

26 Nov 2026 07:30 AM IST

ਪੁਲਿਸ ਦੀ ਮੁੱਢਲੀ ਜਾਂਚ ਤੇ ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਵਿਵਾਦ ਦੀ ਜੜ੍ਹ ਲੱਕੀ ਠਾਕੁਰ ਦੇ 16 ਸਾਲਾ ਪੁੱਤਰ ਦੀ ਮੁਲਜ਼ਮ ਨਰਿੰਦਰ ਥਾਪਰ ਦੇ ਪੁੱਤਰਾਂ ਨਾਲ ਦੋਸਤੀ ਤੇ ਸੰਗਤ (ਉੱਠਣ-ਬੈਠਣ) ਨੂੰ ਲੈ ਕੇ ਚੱਲ ਰਹੀ ਤਕਰਾਰ ਸੀ। ਦੋਵਾਂ ਧਿਰਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ।

ਮਖਦੂਮਪੁਰਾ ਕਤਲ ਕਾਂਡ: ਪੁੱਤਰ ਦੀ ਸੰਗਤ ਦਾ ਵਿਵਾਦ ਬਣਿਆ ਕਾਰੋਬਾਰੀ ਦੇ ਕਤਲ ਦਾ ਕਾਰਨ! 6 ਮੁਲਜ਼ਮ ਕਾਬੂ

ਜਲੰਧਰ ਦੇ ਮਖਦੂਮਪੁਰਾ ਇਲਾਕੇ ‘ਚ ਹੋਏ ਲੱਕੀ ਠਾਕੁਰ ਕਤਲ ਮਾਮਲੇ ‘ਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 4 ਨਾਲ ਸਬੰਧਤ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਥਾਪਰ ਪੁੱਤਰ ਜੋਗਿੰਦਰਪਾਲ, ਦੀਪਕ ਰਾਣਾ ਪੁੱਤਰ ਜੋਗਿੰਦਰਪਾਲ, ਦੋਵੇਂ ਵਾਸੀ ਮੁਹੱਲਾ ਮਖਦੂਮਪੁਰਾ, ਯਸ਼ਪਾਲ ਬਜਾਜ ਪੁੱਤਰ ਸਤਪਾਲ ਵਾਸੀ ਉੱਚਾ ਸੁਰਾਜਗੰਜ, ਰਾਹੁਲ ਪੁੱਤਰ ਵਿਕਰਮ ਵਾਸੀ ਮਖਦੂਮਪੁਰਾ, ਗੁਰਦੀਪ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਸੁਰਾਜਗੰਜ ਤੇ ਗੁੜੀਆ ਪੁੱਤਰੀ ਤਰਸੇਮ ਲਾਲ ਵਾਸੀ ਰਾਜ ਨਗਰ, ਜਲੰਧਰ ਵਜੋਂ ਹੋਈ ਹੈ।

ਕੀ ਸੀ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ 24 ਨਵੰਬਰ 2026 ਨੂੰ ਪੁਲਿਸ ਕੰਟਰੋਲ ਰੂਮ ਰਾਹੀਂ ਥਾਣਾ ਡਿਵੀਜ਼ਨ ਨੰਬਰ 4 ਨੂੰ ਮਖਦੂਮਪੁਰਾ ਇਲਾਕੇ ‘ਚ ਝਗੜੇ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਲੱਕੀ ਠਾਕੁਰ ‘ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ‘ਚ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

16 ਸਾਲਾ ਪੁੱਤਰ ਦੀ ਸੰਗਤ ਨੂੰ ਲੈ ਕੇ ਚੱਲ ਰਹੀ ਸੀ ਰੰਜਿਸ਼

ਪੁਲਿਸ ਦੀ ਮੁੱਢਲੀ ਜਾਂਚ ਤੇ ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਵਿਵਾਦ ਦੀ ਜੜ੍ਹ ਲੱਕੀ ਠਾਕੁਰ ਦੇ 16 ਸਾਲਾ ਪੁੱਤਰ ਦੀ ਮੁਲਜ਼ਮ ਨਰਿੰਦਰ ਥਾਪਰ ਦੇ ਪੁੱਤਰਾਂ ਨਾਲ ਦੋਸਤੀ ਤੇ ਸੰਗਤ (ਉੱਠਣ-ਬੈਠਣ) ਨੂੰ ਲੈ ਕੇ ਚੱਲ ਰਹੀ ਤਕਰਾਰ ਸੀ। ਦੋਵਾਂ ਧਿਰਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ।

ਇਸੇ ਰੰਜਿਸ਼ ਕਾਰਨ ਲੱਕੀ ਠਾਕੁਰ ‘ਤੇ ਹਮਲਾ ਕੀਤਾ ਗਿਆ ਤੇ ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਨਰਿੰਦਰ ਥਾਪਰ ‘ਤੇ ਹਮਲੇ ਲਈ ਉਕਸਾਉਣ ਤੇ ਮੁਲਜ਼ਮਾਂ ਨੂੰ ਭੱਜਣ ‘ਚ ਮਦਦ ਕਰਨ ਦੇ ਵੀ ਇਲਜ਼ਾਮ ਲਗਾਏ ਹਨ।

ਨਰਿੰਦਰ ਥਾਪਰ ਖ਼ਿਲਾਫ਼ ਪਹਿਲਾਂ ਵੀ 12 ਮਾਮਲੇ ਦਰਜ

ਇਸ ਮਾਮਲੇ ‘ਚ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 4 ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 103(2), 332(ਗ), 191(3), 190, 351(2) ਤੇ 61(2) ਤਹਿਤ ਮੁਕੱਦਮਾ ਨੰਬਰ 188, ਮਿਤੀ 25 ਨਵੰਬਰ 2026 ਨੂੰ ਦਰਜ ਕੀਤਾ ਹੈ।

ਜਾਂਚ ਦੌਰਾਨ ਪੁਲਿਸ ਨੂੰ ਮੁੱਖ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਬਾਰੇ ਵੀ ਜਾਣਕਾਰੀ ਮਿਲੀ ਹੈ। ਪੁਲਿਸ ਮੁਤਾਬਕ ਨਰਿੰਦਰ ਥਾਪਰ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ 12 ਮਾਮਲੇ ਦਰਜ ਹਨ, ਜਦਕਿ ਦੀਪਕ ਰਾਣਾ ਖ਼ਿਲਾਫ਼ ਵੀ ਪਹਿਲਾਂ 2 ਮਾਮਲੇ ਦਰਜ ਹੋ ਚੁੱਕੇ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਖਦੂਮਪੁਰਾ ਕਤਲ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us