ਜਲੰਧਰ ਦੀ ਫ਼ੈਕਟਰੀ ਦੀ ਮਸ਼ੀਨ ‘ਚ ਦੁਪੱਟਾ ਫਸਣ ਕਾਰਨ ਔਰਤ ਦੀ ਧੌਣ ਧੜ ਤੋਂ ਹੋਈ ਵੱਖ; ਮੌਕੇ ‘ਤੇ ਮੌਤ
ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਫ਼ੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਵਿੱਚ ਦੁਪੱਟਾ ਫਸ ਜਾਣ ਕਾਰਨ ਔਰਤ ਮਸ਼ੀਨ ਦੀ ਲਪੇਟ ਵਿੱਚ ਆ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਦੀ ਧੌਣ ਧੜ ਤੋਂ ਵੱਖ ਹੋ ਗਈ ਅਤੇ ਉਸ ਦੀ ਮੌਕੇ 'ਤੇ ਹੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਫ਼ੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਵਿੱਚ ਦੁਪੱਟਾ ਫਸ ਜਾਣ ਕਾਰਨ ਔਰਤ ਮਸ਼ੀਨ ਦੀ ਲਪੇਟ ਵਿੱਚ ਆ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਦੀ ਧੌਣ ਧੜ ਤੋਂ ਵੱਖ ਹੋ ਗਈ ਅਤੇ ਉਸ ਦੀ ਮੌਕੇ ‘ਤੇ ਹੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਮ੍ਰਿਤਕ ਔਰਤ ਦੀ ਪਛਾਣ 54 ਸਾਲਾ ਅਰਚਨਾ ਕੁਮਾਰੀ ਵਜੋਂ ਹੋਈ ਹੈ। ਫ਼ੈਕਟਰੀ ਵਿੱਚ ਮੌਜੂਦ ਕਾਮਿਆਂ ਮੁਤਾਬਕ ਅਰਚਨਾ ਮਸ਼ੀਨ ‘ਤੇ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਦਾ ਦੁਪੱਟਾ ਚੱਲਦੀ ਮਸ਼ੀਨ ਵਿੱਚ ਫਸ ਗਿਆ। ਦੁਪੱਟਾ ਫਸਣ ਕਾਰਨ ਉਹ ਤੇਜ਼ੀ ਨਾਲ ਮਸ਼ੀਨ ਵੱਲ ਖਿੱਚੀ ਗਈ, ਜਿਸ ਕਾਰਨ ਇਹ ਖ਼ੂਨੀ ਹਾਦਸਾ ਵਾਪਰ ਗਿਆ। ਹਾਦਸਾ ਹੁੰਦੇ ਹੀ ਕਾਮਿਆਂ ਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਕਰਜ਼ੇ ਕਾਰਨ 3 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਨੌਕਰੀ
ਮ੍ਰਿਤਕਾ ਦੇ ਪਤੀ ਦੁਰਗਾਨੰਦ ਦਾਸ ਨੇ ਰੋਂਦੇ-ਕੁਰਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਇੱਕ ਧੀ, ਜਿਸ ਦਾ ਵਿਆਹ ਦਿੱਲੀ ਵਿੱਚ ਹੋਇਆ ਹੈ ਅਤੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਫ਼ੈਕਟਰੀ ਵਿੱਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪਰਿਵਾਰ ‘ਤੇ ਚੜ੍ਹੇ ਕਰਜ਼ੇ ਕਾਰਨ ਉਸ ਦੀ ਪਤਨੀ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ‘ਮਹਿੰਦਰਾ ਇੰਟਰਪ੍ਰਾਈਜ਼ਿਜ਼’ ਨਾਮਕ ਫ਼ੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਪੀੜਤ ਪਤੀ ਨੇ ਫ਼ੈਕਟਰੀ ਪ੍ਰਬੰਧਕਾਂ ‘ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਫ਼ੈਕਟਰੀ ਵਿੱਚ ਕਾਮਿਆਂ ਦੀ ਜਾਨ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ ਅਤੇ ਬਿਨਾਂ ਸੇਫ਼ਟੀ ਉਪਕਰਨਾਂ ਤੋਂ ਹੀ ਮਜ਼ਦੂਰਾਂ ਕੋਲੋਂ ਕੰਮ ਲਿਆ ਜਾਂਦਾ ਹੈ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਘਟਨਾ ਤੋਂ ਬਾਅਦ ਫ਼ੈਕਟਰੀ ਪ੍ਰਬੰਧਕਾਂ ਵੱਲੋਂ ਮਾਮਲੇ ਨੂੰ ਦਬਾਉਣ ਅਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਸਮਝੌਤਾ ਨਾ ਕੀਤਾ ਤਾਂ ਉਲਟਾ ਪਰਿਵਾਰ ‘ਤੇ ਹੀ ਕਾਰਵਾਈ ਹੋਵੇਗੀ। ਪੀੜਤ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਜਾਰੀ
ਹਾਦਸੇ ਤੋਂ ਬਾਅਦ ਫ਼ੈਕਟਰੀ ਅੰਦਰ ਭਾਜੜ ਪੈ ਗਈ ਅਤੇ ਸਟਾਫ਼ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ੈਕਟਰੀ ਵਿੱਚ ਮੌਜੂਦ ਹੋਰਨਾਂ ਮੁਲਾਜ਼ਮਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਫ਼ੈਕਟਰੀ ਅੰਦਰ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਪਹਿਲੂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।
