ਕੌਮਾਂਤਰੀ ਸਰਹੱਦ ਲਈ ਖਤਰਾ ਬਣੀ ਨਜਾਇਜ਼ ਮਾਈਨਿੰਗ
ਪਿਛਲੇ ਕੁੱਝ ਸਮੇਂ ਵਿੱਚ ਪਾਕਿਸਤਾਨ ਤੋਂ ਕਈ ਡਰੋਨ ਘੁਸਪੈਠ ਹੋਏ ਹਨ ਜਿੱਥੇ ਪਾਬੰਦੀਸ਼ੁਦਾ ਪਦਾਰਥਾਂ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਇਹ ਕੌਮਾਂਤਰੀ ਸਰਹੱਦ 'ਤੇ ਸੁਰੱਖਿਆ ਲਈ ਵੱਡਾ ਖਤਰਾ ਹੈ।
ਪੰਜਾਬ ਵਿੱਚ ਬੇਸ਼ੱਕ ਨਵੀਂ ਸਰਕਾਰ ਸੱਤਾ ਵਿੱਚ ਆ ਗਈ ਹੈ। ਪ੍ਰੰਤੂ ਪਿਛਲੀਆਂ ਸਰਕਾਰਾਂ ਵਾਂਗ ਨਜਾਇਜ਼ ਮਾਈਨਿੰਗ ਦਾ ਮੁੱਦਾ ਇਸ ਸਰਕਾਰ ਵਿੱਚ ਵੀ ਚਰਚਾ ਦਾ ਵਿਸ਼ਾ ਹੈ। ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਜਿਥੇ ਪੰਜ ਦਰਿਆਵਾਂ ਦੀ ਧਰਤੀ ਤੋਂ ਕਈ ਨਦੀਆਂ ਨੂੰ ਖਤਮ ਕਰ ਦਿੱਤਾ ਹੈ, ਉਥੇ ਹੀ ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਆਰਮੀ ਦੇ ਜਵਾਨਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ।
ਪੰਜਾਬ ਦੇ ਸਰਹੱਦੀ ਖੇਤਰ ਚ ਪਾਕਿਸਤਾਨ ਵਲੋਂ ਇੱਕ ਪਾਸੇ ਜਿਥੇ ਲਗਾਤਾਰ ਡਰੋਨ ਘੁਸਪੈਠ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਬੀ.ਐਸ.ਐਫ. ਲਈ. ਸਰਹੱਦੀ ਖੇਤਰ ਚ ਹੁੰਦੀ ਨਜਾਇਜ਼ ਮਾਈਨਿੰਗ ਵੀ ਸਿਰਦਰਦੀ ਬਣਦੀ ਜਾ ਰਹੀ ਹੈ। ਕਿਉਂਕਿ ਗੈਰਕਾਨੂੰਨੀ ਮਾਈਨਿੰਗ ਚ ਸੈਂਕੜੇ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਦੀ ਪਛਾਣ ਫੌਜ ਲਈ ਚਿੰਤਾ ਬਣੀ ਹੈ। ਇਹੀ ਨਹੀਂ ਮਾਈਨਿੰਗ ਕਰਕੇ ਸਰਹੱਦੀ ਖੇਤਰਾਂ ਵਿੱਚ ਕਈ-ਕਈ ਫੁੱਟ ਗਹਿਰੇ ਟੋਏ ਪੈ ਚੁੱਕੇ ਹਨ। ਜਿਸ ਨਾਲ ਭਾਰਤੀ ਸੇਨਾ ਨੂੰ ਆਪਣਾ ਆਪ੍ਰੇਸ਼ਨ ਚਲਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀ.ਐੱਸ.ਐੱਫ. ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਰਿਪੋਰਟ ਕੀਤੀ ਪੇਸ਼
ਇਸ ਸਬੰਧੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਰਿਪੋਰਟ ਪੇਸ਼ ਕੀਤੀ ਸੀ,ਜਿਸ ਚ ਅੰਤਰਰਾਸ਼ਟਰੀ ਸਰਹੱਦ ‘ਤੇ ਮਾਈਨਿੰਗ ਨੂੰ ਵੱਡਾ ਖਤਰਾ ਦੱਸਿਆ ਸੀ। ਬੀ.ਐਸ.ਐਫ. ਨੇ ਕਿਹਾ ਹੈ ਕਿ ਮਾਈਨਿੰਗ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਦੇਰ ਰਾਤ ਤੱਕ ਚੱਲਦੀ ਰਹਿੰਦੀ ਹੈ। ਕਈ ਵਾਰ ਇਹ ਸਾਰੀ ਰਾਤ ਚਲਦੀ ਹੈ। ਬੀ. ਐਸ. ਐਫ. ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸੈਂਕੜੇ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ। ਪਿਛਲੇ ਕੁੱਝ ਸਮੇਂ ਵਿੱਚ ਪਾਕਿਸਤਾਨ ਤੋਂ ਕਈ ਡਰੋਨ ਘੁਸਪੈਠ ਹੋਏ ਹਨ ਜਿੱਥੇ ਪਾਬੰਦੀਸ਼ੁਦਾ ਪਦਾਰਥਾਂ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਇਹ ਕੌਮਾਂਤਰੀ ਸਰਹੱਦ ‘ਤੇ ਸੁਰੱਖਿਆ ਲਈ ਵੱਡਾ ਖਤਰਾ ਹੈ।
ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ਼ 603 ਐਫ.ਆਈ.ਆਰ.ਦਰਜ
ਪੰਜਾਬ ਸਰਕਾਰ ਵਲੋਂ ਹਾਲਹੀ ਵਿੱਚ ਹਾਈਕੋਰਟ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੀਤੀ ਕਾਰਵਾਈ ਬਾਰੇ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ,ਪਰ ਇਸ ਵਿੱਚ ਪਠਾਨਕੋਟ ਜਾਂ ਗੁਰਦਾਸਪੁਰ ਜ਼ਿਲ੍ਹਿਆਂ ਬਾਰੇ ਕੋਈ ਖਾਸ ਜ਼ਿਕਰ ਜਾਂ ਵੇਰਵਾ ਨਹੀਂ ਸਨ। ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਖੇਤਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਗਿਆ ਸੀ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ 1 ਜਨਵਰੀ ਤੋਂ 26 ਜੁਲਾਈ ਤੱਕ 958 ਵਿਅਕਤੀਆਂ ਖ਼ਿਲਾਫ਼ 603 ਐਫਆਈਆਰ ਦਰਜ ਕੀਤੀਆਂ ਗਈਆਂ, ਜਦਕਿ 690 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 663 ਨੂੰ ਹੇਠਲੀ ਅਦਾਲਤਾਂ ਵੱਲੋਂ ਜ਼ਮਾਨਤ ਤੇ ਰਿਹਾਅ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਜ਼ਬਤ ਕੀਤੇ ਗਏ 777 ਵਾਹਨਾਂ ਵਿੱਚੋਂ 536 ਵਾਹਨ ਹੇਠਲੀ ਅਦਾਲਤਾਂ ਵੱਲੋਂ ਰਿਹਾਅ ਕੀਤੇ ਗਏ।
ਰਾਜਪਾਲ ਵੀ ਸਰਹੱਦੀ ਖੇਤਰ ਚ ਹੁੰਦੀ ਨਜਾਇਜ ਮਾਈਨਿੰਗ ਲਈ ਚਿੰਤਤ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਲੰਘੇ ਸਮੇਂ ਦੌਰਾਨ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਰਾਜਪਾਲ ਵਲੋਂ ਸਰਹੱਦੀ ਪੱਟੀ ਨਾਲ ਸਬੰਧਿਤ ਸਰਪੰਚਾਂ ਨਾਲ ਗੱਲਬਾਤ ਕਰਦੇ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਸਹਿਯੋਗ ਦੀ ਵੀ ਮੰਗ ਕੀਤੀ ਜਾ ਚੁੱਕੀ ਹੈ।