ਪਠਾਨਕੋਟ ‘ਚ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ‘ਚ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਗ੍ਰਿਫਤਾਰ, ਟਿੱਪਰ-ਪੋਕਲੇਨ ਮਸ਼ੀਨ ਕੀਤੀ ਗਈ ਜ਼ਬਤ
ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨੇੜੇ ਇੱਕ ਕਰੱਸ਼ਰ ਸਾਈਟ ਦਾ ਮਾਲਕ ਹੈ। ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ 'ਤੇ ਹੈ। ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਇਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਦੀ ਅਗਵਾਈ ਵਿੱਚ ਮੌਕੇ ਤੇ ਪੁੱਜੇ ਤਾਂ ਜੋਗਿੰਦਰ ਪਾਲ ਪਹਿਲਾਂ ਹੀ ਉਥੇ ਮੌਜੂਦ ਸਨ।
ਪੰਜਾਬ ਵਿੱਚ ਪੁਲਿਸ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗੈਰ-ਕਾਨੂੰਨੀ ਮਾਈਨਿੰਗ, ਅਧਿਕਾਰੀਆਂ ਨਾਲ ਝਗੜੇ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜੋਗਿੰਦਰਪਾਲ ਦੀ ਗ੍ਰਿਫਤਾਰੀ ਸ਼ੁੱਕਰਵਾਰ ਸ਼ਾਮ ਨੂੰ ਕੀਤੀ ਗਈ। ਪੁਲਿਸ ਨੇ ਮੌਕੇ ਤੋਂ ਇੱਕ ਟਿੱਪਰ ਅਤੇ ਪੋਕਲੇਨ ਮਸ਼ੀਨ ਵੀ ਬਰਾਮਦ ਕੀਤੀ ਹੈ। ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹ ਇੱਥੋਂ ਦੀ ਭੋਆ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ।
ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨੇੜੇ ਇੱਕ ਕਰੱਸ਼ਰ ਸਾਈਟ ਦਾ ਮਾਲਕ ਹੈ। ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ ‘ਤੇ ਹੈ। ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਇਸ ਜਗ੍ਹਾ ‘ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਦੀ ਅਗਵਾਈ ਵਿੱਚ ਮੌਕੇ ਤੇ ਪੁੱਜੇ ਤਾਂ ਜੋਗਿੰਦਰ ਪਾਲ ਪਹਿਲਾਂ ਹੀ ਉਥੇ ਮੌਜੂਦ ਸਨ। ਮੌਕੇ ‘ਤੇ ਨਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਐਸ.ਡੀ.ਓ ਨੇ ਪੋਕਲੇਨ ਮਸ਼ੀਨ ਅਤੇ ਟਿੱਪਰ ਜ਼ਬਤ ਕਰ ਲਿਆ।
ਜੋਗਿੰਦਰ ਪਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ‘ਤੇ ਪਠਾਨਕੋਟ ਜ਼ਿਲ੍ਹੇ ਦੀ ਭੋਆ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਸਾਲ 2022 ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਚੰਦ ਕਟਾਰੂਚੱਕ ਤੋਂ ਚੋਣ ਹਾਰ ਗਏ ਸਨ।
ਸਾਬਕਾ ਵਿਧਾਇਕ ਨੇ ਕੀਤਾ ਸਰਕਾਰੀ ਟੀਮ ਨਾਲ ਝਗੜਾ
ਐਸਡੀਓ ਨੇ ਦੋਸ਼ ਲਾਇਆ ਕਿ ਜਦੋਂ ਮਾਈਨਿੰਗ ਵਿਭਾਗ ਦੀ ਟੀਮ ਕਰੱਸ਼ਰ ਵਾਲੀ ਥਾਂ ਤੇ ਆਪਣਾ ਕੰਮ ਕਰ ਰਹੀ ਸੀ ਤਾਂ ਜੋਗਿੰਦਰ ਪਾਲ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ। ਇਸ ‘ਤੇ ਉਨ੍ਹਾਂ ਦਾ ਸਰਕਾਰੀ ਟੀਮ ਨਾਲ ਝਗੜਾ ਵੀ ਹੋ ਗਿਆ। ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀਆਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ।ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਉਸ ਦੇ ਸਾਥੀ ਸੁਰਜੀਤ ਸਿੰਘ ਉਰਫ ਲਾਡੀ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਦੋਵਾਂ ਨੂੰ ਤਾਰਾਗੜ੍ਹ ਥਾਣੇ ਲੈ ਗਈ। ਮਾਈਨਿੰਗ ਅਧਿਕਾਰੀ ਦੇ ਬਿਆਨਾਂ ਤੇ ਜੋਗਿੰਦਰ ਪਾਲ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਪਠਾਨਕੋਟ ਦੇ ਤਾਰਾਗੜ੍ਹ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।