ਹੋਲੇ ਮਹੱਲੇ ਮੌਕੇ ਜੱਥੇਦਾਰ ਦਾ ਹੁਕਮ, ਸਿੱਖਿਆ ਨੀਤੀ ਤੇ ਵਿਚਾਰ ਕਰਨ ਸਿੱਖ ਵਿਦਿਵਾਨ
ਹੋਲੇ ਮਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਪਹੁੰਚੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਸਾਡੇ ਕਈ ਚੁਣੌਤੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਨਸ਼ੇ ਦੀ ਚੁਣੌਤੀ ਵੱਡੀ ਹੈ। ਜੱਥੇਦਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧੀਆਂ ਅਤੇ ਪੁੱਤਾਂ ਨੂੰ ਇਸ ਕੋਹੜ ਤੋਂ ਬਚਾਉਣ।
ਜੱਥੇਦਾਰ ਕੁਲਦੀਪ ਸਿੰਘ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ
ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਹੋਲੇ ਮਹੱਲੇ ਦੀ ਰੀਤ ਮੁਤਾਬਕ ਸਿੱਖ ਕੌਮ ਵੱਲੋਂ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ। ਜੱਥੇਦਾਰ ਨੇ ਕਿਹਾ ਕਿ ਡੇਰੇ ਅਤੇ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਸਿੱਖ ਇੱਕਠੇ ਨਹੀਂ ਹੁੰਦੇ, ਏਕਾ ਨਹੀਂ ਕਰਦੇ…ਉਦੋਂ ਦਿੱਲੀ ਅਤੇ ਸਿੱਖ ਵਿਰੋਧੀ ਤਾਕਤਾਂ ਸਾਨੂੰ ਦਬਕੇ ਮਾਰਦੀਆਂ ਰਹਿਣਗੀਆਂ।
ਜੱਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅਜੌਕੇ ਸਮੇਂ ਸਿੱਖਾਂ ਸਾਹਮਣੇ ਕਈ ਚੁਣੌਤੀਆਂ ਹਨ। ਉਹਨਾਂ ਨੇ ਕਿਹਾ ਕਿ ਨਸ਼ਿਆਂ ਦਾ ਇੱਕ ਦਰਿਆ ਵਗ ਰਿਹਾ ਹੈ ਜੋ ਉਹਨਾਂ ਚੁਣੌਤੀਆਂ ਵਿੱਚੋਂ ਇੱਕ ਹੈ। ਜੱਥੇਦਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧੀਆਂ ਅਤੇ ਪੁੱਤਾਂ ਨੂੰ ਇਸ ਕੋਹੜ ਤੋਂ ਬਚਾਉਣ ਅਤੇ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ। ਉਹਨਾਂ ਕਿਹਾ ਕਿ ਨੌਜਵਾਨ ਸਸਤਰ ਵਿੱਦਿਆ ਸਿੱਖਣ , ਬਾਣੇ ਅਤੇ ਬਾਣੀ ਦੇ ਧਾਰਨੀ ਬਣਨ।
ਧਰਮ ਪਰਿਵਰਤਨ ਦਾ ਜ਼ਿਕਰ
ਜੱਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਧਰਤੀ ਉੱਪਰ ਧਰਮ ਪਰਿਵਰਤਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਜੋ ਮਾਝਾ ਸਿੱਖੀ ਦਾ ਗੜ੍ਹ ਹੈ। ਇਹ ਧਰਮ ਪਰਿਵਰਤਨ ਉੱਥੇ ਵੀ ਹੋ ਰਿਹਾ ਹੈ। ਜੱਥੇਦਾਰ ਨੇ ਕਿਹਾ ਕਿ ਸਿਰਫ਼ ਧਰਮ ਪਰਿਵਰਤਨ ਨਹੀਂ ਸਗੋਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਬੋਲੀ ਤੋਂ ਵੀ ਦੂਰ ਕੀਤਾ ਜਾ ਰਿਹਾ ਹੈ।
ਸਿੱਖਿਆ ਨੀਤੀ ਦੀ ਪੜਤਾਲ ਦੇ ਹੁਕਮ
ਜੱਥੇਦਾਰ ਨੇ ਕਿਹਾ ਕਿਹਾ ਕਿ ਵਿਦਿਵਾਨਾਂ ਦੀ ਇੱਕ ਮੀਟਿੰਗ ਬੁਲਾਓ ਅਤੇ ਚਰਚਾ ਕਰਕੇ ਇਸ ਗੱਲ ਦੀ ਜਾਂਚ ਕਰੋ ਕਿ ਨਵੀਂ ਸਿੱਖਿਆ ਨੀਤੀ ਪੰਜਾਬ ਅਤੇ ਪੰਥ ਦੇ ਹਿੱਤ ਵਿੱਚ ਹੈ ਜਾਂ ਨਹੀਂ। ਕਿਉਂਕਿ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਕਿਉਂਕਿ ਸਾਡੇ ਰੋਮ ਰੋਮ ਵਿੱਚ ਸਾਡੀ ਮਾਂ ਦੀ ਬੋਲੀ ਹੈ। ਜੱਥੇਦਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣ ਅਤੇ ਦੇਖਣ ਕਿ ਉਹਨਾਂ ਦਾ ਬੱਚਾ ਓੜਾ ਆੜਾ ਈਡੀ ਲਿਖ ਰਿਹਾ ਹੈ ਜਾਂ ਨਹੀਂ, ਪੜ੍ਹ ਰਿਹਾ ਹੈ ਜਾਂ ਨਹੀਂ।
ਪੰਜਾਬ ਸਾਡਾ ਹੋਮ ਲੈਂਡ ਹੈ- ਜੱਥੇਦਾਰ
ਜੱਥੇਦਾਰ ਨੇ ਕਿਹਾ ਕਿ 47 ਵਿੱਚ ਪੰਜਾਬੀਆਂ ਦਾ ਉਜਾੜਾ ਹੋਇਆ। ਸਿੱਖ ਆਪਣੇ ਗੁਰੂਧਾਮਾਂ ਤੋਂ ਵਿਛੜੇ। ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਹਿਮਾਚਲ, ਰਾਜਸਥਾਨ ਅਤੇ ਮਣੀਪੁਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਪੰਜਾਬ ਤੋਂ ਜਾ ਕੇ ਕੋਈ ਜ਼ਮੀਨ ਨਹੀਂ ਖ਼ਰੀਦ ਸਕਦਾ। ਪਰ ਜੇਕਰ ਅਸੀਂ ਪੰਜਾਬ ਲਈ ਕੋਈ ਮੰਗ ਕਰਦੇ ਹਾਂ ਤਾਂ ਸਾਨੂੰ ਫਿਰਕੂ ਆਖ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ
ਇਹ ਸਾਡੀਆਂ ਤਜ਼ਵੀਜ਼ਾਂ ਭਾਰਤੀ ਸੰਵਿਧਾਨ ਦੇ ਅਨੁਸਾਰ ਲਾਗੂ ਹਨ ਤਾਂ ਪੰਜਾਬ ਵਿੱਚ ਵੀ ਅਜਿਹਾ ਨਿਯਮ ਲਾਗੂ ਕੀਤਾ ਜਾਵੇ ਕਿ ਪੰਜਾਬ ਤੋਂ ਬਾਹਰ ਦਾ ਕੋਈ ਸਾਡੇ ਜ਼ਮੀਨ ਨਾ ਖਰੀਦ ਸਕੇ। ਉਹਨਾਂ ਕਿਹਾ ਕਿ ਪੰਜਾਬ ਨੂੰ ਇੱਕ ਬਸਤੀ ਦੇ ਰੂਪ ਵਿੱਚ ਬਦਲਿਆ ਜਾ ਰਿਹਾ ਹੈ।
ਖੁਦ ਤੋਂ ਸੁਧਾਰ ਦੀ ਅਪੀਲ
ਜੱਥੇਦਾਰ ਨੇ ਕਿਹਾ ਕਿ ਪੰਜਾਬੀਆਂ ਨੇ ਜੇਕਰ ਕੋਈ ਪ੍ਰਾਪਤ ਕਰਨੀ ਹੈ ਤਾਂ ਸਾਰਿਆਂ ਨੂੰ ਇਕੱਠਿਆਂ ਹੋਣਾ ਪਵੇਗਾ। ਉਹਨਾਂ ਅਪੀਲ ਕੀਤੀ ਕਿ ਸ਼ਾਮ ਸਮੇਂ ਜੋ ਟਾਇਮ ਪਾਠ ਦਾ ਹੈ ਉਸ ਟਾਇਮ ਕੁੱਝ ਲੋਕ ਠੇਕਿਆਂ ਵੱਲ ਨੂੰ ਚੱਲ ਪੈਂਦੇ ਹਨ। ਉਹਨਾਂ ਨੇ ਕਿਹਾ ਕਿ ਹਰ ਕੋਈ ਵਿਅਕਤੀ ਆਪਣੇ ਆਪ ਤੋਂ ਸੁਧਾਰ ਸ਼ੁਰੂ ਕਰੇ ਅਤੇ ਆਪਣੇ ਘਰ ਵਿੱਚ ਹੀ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੇ।