HMPV ਵਾਇਰਸ ਨੂੰ ਲੈ ਕੇ ਪੰਜਾਬ ‘ਚ ਹਸਪਤਾਲ ਤਿਆਰ, ਸਿਹਤ ਵਿਭਾਗ ਨੇ ਸ਼ੁਰੂ ਕੀਤਾ ਟੈਸਟਿੰਗ, ਮੰਤਰੀ- ਘਬਰਾਉਣ ਦੀ ਲੋੜ ਨਹੀਂ
ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਸ ਵੇਲੇ HMPV ਵਾਇਰਸ ਦਾ ਕੋਈ ਵੀ ਮਰੀਜ਼ ਪੰਜਾਬ ਨਹੀਂ ਆਇਆ ਹੈ। ਸੂਬੇ ਵਿੱਚ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਕੋਈ ਮਰੀਜ਼ ਹੈ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਤੇ ਬੈੱਡ ਤਿਆਰ ਹਨ।
ਭਾਰਤ ਵਿੱਚ ਚੀਨ ਵਿੱਚ ਫੈਲ ਰਹੇ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚੌਕਸ ਰਹਿਣ ਲਈ ਕਿਹਾ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਨੇ ਮੀਟਿੰਗ ਕਰਕੇ ਸਾਰੇ ਹਸਪਤਾਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜੇਕਰ ਕੋਈ ਮਰੀਜ਼ ਹੈ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ। ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਅਤੇ ਬੈੱਡ ਤਿਆਰ ਹਨ। ਫਿਲਹਾਲ ਕੋਈ ਵੀ ਮਰੀਜ਼ ਪੰਜਾਬ ਨਹੀਂ ਆਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਪਰ ਛੋਟੇ ਬੱਚਿਆਂ ਅਤੇ ਬਜ਼ੁਰਗ ਮਰੀਜ਼ਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੈ। ਇਹ 20 ਸਾਲ ਪੁਰਾਣਾ ਵਾਇਰਸ ਹੈ ਤੇ ਬਹੁਤ ਹਲਕਾ ਹੈ। ਇਸ ਤੋਂ ਕੋਈ ਖਤਰਾ ਨਹੀਂ ਹੈ। ਇਹ ਖੰਘ ਤੇ ਜ਼ੁਕਾਮ ਦਾ ਕਾਰਨ ਬਣਦਾ ਹੈ ਅਤੇ ਹੋਰ ਫਲੂ ਵਾਂਗ, ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਿਤ ਹੋ ਜਾਂਦੇ ਹਨ। ਜੇਕਰ ਕਿਸੇ ਨੂੰ ਖੰਘ ਤੇ ਜ਼ੁਕਾਮ ਹੈ ਤਾਂ ਬਿਹਤਰ ਹੈ ਕਿ ਉਹ ਮਾਸਕ ਪਹਿਨੇ ਤੇ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਵੇ।
ਵਾਇਰਸ ਦੀ ਜਾਂਚ ਪੰਜਾਬ ਸਰਕਾਰ ਦੀ ਲੈਬ ਤਿਆਰ
ਲੋਕਾਂ ਨੂੰ ਆਪਣੇ ਹੱਥ ਨਿਯਮਿਤ ਤੌਰ ‘ਤੇ ਧੋਣੇ ਚਾਹੀਦੇ ਹਨ ਤੇ ਆਪਣੇ ਮੂੰਹ ਅਤੇ ਨੱਕ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਅੰਮ੍ਰਿਤਸਰ ਵਿੱਚ ਸੂਬਾ ਸਰਕਾਰ ਦੀ ਲੈਬ ਤਿਆਰ ਹੈ, ਜਿੱਥੇ ਵਾਇਰਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭਾਰਤ ਵਿੱਚ ਪਹਿਲੀ ਵਾਰ 2003 ਵਿੱਚ ਮਿਲਿਆ ਸੀ ਮਾਮਲਾ
ਭਾਰਤ ਵਿੱਚ ਪਹਿਲੀ ਵਾਰ 2003 ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਈ ਸੀ। ਬੀਜੇ ਮੈਡੀਕਲ ਕਾਲਜ ਅਤੇ NIV ਪੁਣੇ ਨੇ ਸਭ ਤੋਂ ਪਹਿਲਾਂ ਪੁਣੇ ਵਿੱਚ ਭਾਰਤੀ ਬੱਚਿਆਂ ਵਿੱਚ HMPV ਦੀ ਪੁਸ਼ਟੀ ਕੀਤੀ। ਬਾਅਦ ਦੇ ਕਈ ਅਧਿਐਨਾਂ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। 2024 ਵਿੱਚ, ਗੋਰਖਪੁਰ ਵਿੱਚ ਸਾਹ ਦੀ ਬਿਮਾਰੀ ਤੋਂ ਪੀੜਤ 100 ਵਿੱਚੋਂ 4% ਬੱਚਿਆਂ ਵਿੱਚ HMPV ਦੇ ਲੱਛਣ ਪਾਏ ਗਏ।