Punjab Weather: ਪੰਜਾਬ ‘ਚ ਵਧੀ ਗਰਮੀ, ਤਾਪਮਾਨ 45 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਿਆ, ਤਿੰਨ ਦਿਨ ਲਈ ਯੈਲੋ ਅਲਰਟ
ਐਤਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸਮਰਾਲਾ 44.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਰੋਪੜ ਵਿਖੇ ਸਭ ਤੋਂ ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਨਿਊਜ। ਪੰਜਾਬ ‘ਚ ਵੀ ਦਿਨੋ ਦਿਨ ਗਰਮੀ ਵਧਦੀ ਹੀ ਜਾ ਰਹੀ ਹੈ। ਐਤਵਾਰ ਨੂੰ ਪਾਰਾ 2.2 ਡਿਗਰੀ ਦੇ ਵਾਧੇ ਨਾਲ 44.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਕਹਿਰ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਹਾਲਾਂਕਿ ਜਲਦ ਹੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।ਮੌਸਮ ਵਿਭਾਗ ਨੇ ਮੰਗਲਵਾਰ (23 ਮਈ) ਤੋਂ ਪੰਜਾਬ (Punjab) ਵਿੱਚ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪਵੇਗਾ। ਸੋਮਵਾਰ ਨੂੰ ਵੀ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ‘ਚ 3 ਤੋਂ 5 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਸਭ ਤੋਂ ਗਰਮ ਰਿਹਾ ਸਮਰਾਲਾ
ਐਤਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸਮਰਾਲਾ 44.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਦੂਜੇ ਪਾਸੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਅੰਮ੍ਰਿਤਸਰ (Amritsar) ਦਾ ਪਾਰਾ 43.0, ਲੁਧਿਆਣਾ ਦਾ 42.5, ਪਟਿਆਲਾ ਦਾ 43.5, ਬਠਿੰਡਾ ਦਾ 44.0, ਫ਼ਿਰੋਜ਼ਪੁਰ ਦਾ 43.1, ਗੁਰਦਾਸਪੁਰ ਦਾ 42.1, ਰੋਪੜ ਦਾ 40.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਆਮ ਦੇ ਨੇੜੇ ਰਿਹਾ। ਰੋਪੜ ਵਿਖੇ ਸਭ ਤੋਂ ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੋਕਾਂ ਨੇ ਕੀਤਾ ਪਹਾੜਾਂ ਦਾ ਰੁਖ
ਵੀਕਐਂਡ ਦੀਆਂ ਛੁੱਟੀਆਂ ਦੌਰਾਨ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਪਹਾੜਾਂ ਦਾ ਰੁਖ ਕੀਤਾ ਹੈ। ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ ‘ਤੇ ਹੋਟਲਾਂ ‘ਚ ਵੀਕਐਂਡ ‘ਤੇ 90 ਫੀਸਦੀ ਤੱਕ ਪਹੁੰਚ ਗਈ ਹੈ। ਸ਼ਿਮਲਾ (Shimla) ‘ਚ ਦੋ ਦਿਨਾਂ ‘ਚ ਕਰੀਬ 22 ਹਜ਼ਾਰ ਵਾਹਨ ਦਾਖਲ ਹੋਏ ਹਨ। ਕਰੀਬ 1.25 ਲੱਖ ਸੈਲਾਨੀ ਸ਼ਿਮਲਾ ਪਹੁੰਚ ਚੁੱਕੇ ਹਨ। ਧਰਮਸ਼ਾਲਾ ਵੀ ਪੂਰੀ ਤਰ੍ਹਾਂ ਸੈਲਾਨੀਆਂ ਨਾਲ ਭਰੀ ਹੋਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ