ਕੌਂਸਲਰ ਤੋਂ ਲੈ ਕੇ ਵਿਧਾਨ ਸਭਾ ਤੱਕ ਦਾ ਸਫਰ, 2022 ‘ਚ ਬਣੇ ਵਿਧਾਇਕ; ਗੁਰਪ੍ਰੀਤ ਗੋਗੀ ਬਾਰੇ ਜਾਣੋ?
ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਆਪਣੇ ਲਾਇਸੰਸੀ ਹਥਿਆਰ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਸਿਰ 'ਚ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਡੀਐਮਸੀ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਧਾਇਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦਿੰਦਿਆ ਗੋਗੀ ਦੀ ਪਤਨੀ ਡਾ.ਸੁਖਚੈਨ ਬੱਸੀ ਨੇ ਦੱਸਿਆ ਕਿ ਬੀਤੇ ਦਿਨ ਵਿਧਾਇਕ ਨੇ ਕਈ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ।
ਵਿਧਾਇਕ ਗੋਗੀ ਦੇਰ ਰਾਤ ਇੱਕ ਪ੍ਰੋਗਰਾਮ ਤੋਂ ਪਰਤੇ ਸੀ। ਉਨ੍ਹਾਂ ਨੇ ਘਰ ਆ ਕੇ ਖਾਣਾ ਮੰਗਿਆ। ਉਸ ਵੇਲੇ ਉਹ (ਪਤਨੀ ਸੁਖਚੈਨ ਬੱਸੀ) ਦੂਜੇ ਕਮਰੇ ਵਿੱਚ ਮੌਜੂਦ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਗੋਗੀ ਦੇ ਕਮਰੇ ‘ਚ ਪਹੁੰਚੀ। ਇੱਥੇ ਉਸ ਨੇ ਦੇਖਿਆ ਕਿ ਗੋਗੀ ਖੂਨ ਨਾਲ ਲੱਥਪੱਥ ਪਏ ਸੀ। ਘਟਨਾ ਦੇ ਤੁਰੰਤ ਬਾਅਦ ਪਤਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਗੁਰਪ੍ਰੀਤ ਗੋਗੀ ਦਾ ਸਿਆਸੀ ਸਫਰ
ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਲੁਧਿਆਣਾ ਤੋਂ ਉਹ ਤਿੰਨ ਵਾਰ ਨਗਰ ਕੌਂਸਲਰ ਰਹੇ। ਕਾਂਗਰਸ ਸਰਕਾਰ ਦੌਰਾਨ ਉਹ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦੇ ਅਹੁਦੇ ‘ਤੇ ਰਹੇ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਗੋਗੀ ਨੇ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਅਤੇ ਲਗਭਗ 40,000 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਹ ਪਹਿਲੀ ਵਾਰ ਵਿਧਾਇਕ ਬਣੇ ਸਨ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕਰਾਰੀ ਹਾਰ ਦਿੱਤੀ ਸੀ।
ਨਹੀਂ ਰਹੇ ਹਰਮਨ ਪਿਆਰੇ ਆਗੂ ਗੁਰਪ੍ਰੀਤ ਗੋਗੀ
ਗੁਰਪ੍ਰੀਤ ਗੋਗੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ। ਉਹ ਹਮੇਸ਼ਾ ਲੋਕਾਂ ਦੇ ਕੰਮ ਕਰਵਾਉਣ ਲਈ ਤਿਆਰ ਰਹਿੰਦੇ ਸਨ। ਗੋਗੀ ਹਮੇਸ਼ਾ ਆਪਣੇ ਬਿਆਣਾ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਸਨ। ਗੁਰਪ੍ਰੀਤ ਗੋਗੀ ਬੱਸੀ ਉਸ ਵੇਲੇ ਵੀ ਕਾਫੀ ਚਰਚਾ ਵਿੱਚ ਰਹੇ ਜਦੋਂ ਉਨ੍ਹਾਂ ਨੇ ਲੁਧਿਆਣਾ ਦਾ ਬੁੱਢਾ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਅਫ਼ਸਰਾਂ ਤੋਂ ਨਾਰਾਜ਼ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੀਆ ਨੀਂਹ ਪੱਥਰ ਤੋੜ ਦਿੱਤੀ ਸੀ। ਇਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।
MC ਚੋਣਾਂ ਦੌਰਾਨ ਗੁਰਪ੍ਰੀਤ ਗੋਗੀ ਅਤੇ ਉਨ੍ਹਾਂ ਦੀ ਪਤਨੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। ਉਹ ਨੋਮੀਨੇਸ਼ਨ ਦਾਖਲ ਕਰਨ ਦੇ ਲਈ ਸਕੂਟਰ ‘ਤੇ ਪਹੁੰਚੇ ਸਨ। ਦੱਸ ਦਈਏ ਕਿ ਗੁਰਪ੍ਰੀਤ ਗੋਗੀ ਦੀ ਪਤਨੀ ਡਾ. ਸੁਖਚੈਨ ਬੱਸੀ ਨੇ ਹਾਲ ਹੀ ਵਿੱਚ ਲੁਧਿਆਣਾ ਨਗਰ ਨਿਗਮ ਦੀ ਚੋਣ ਵਾਰਡ 61 ਤੋਂ ਲੜੀ ਸੀ, ਪਰ ਕਾਂਗਰਸ ਉਮੀਦਵਾਰ ਪਰਮਿੰਦਰ ਕੌਰ ਤੋਂ ਸਿਰਫ਼ 86 ਵੋਟਾਂ ਨਾਲ ਹਾਰ ਗਈ ਸੀ।
ਇਹ ਵੀ ਪੜ੍ਹੋ
ਵਿੰਟੇਜ ਕਾਰਾਂ ਦੇ ਸ਼ੌਕਿਨ ਸਨ ਗੋਗੀ
ਗੁਰਪ੍ਰੀਤ ਗੋਗੀ ਨੂੰ ਮਹਿੰਗੀਆਂ ਕਾਰ ਦਾ ਕਾਫੀ ਸ਼ੌਂਕ ਸੀ। ਗੋਗੀ ਕੋਲ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਵਿੰਟੇਜ ਵਾਹਨਾਂ ਦੀ ਚੰਗੀ ਕੁਲੇਕਸ਼ਨ ਹੈ। ਉਨ੍ਹਾਂ ਨੇ ਪਹਿਲਾਂ ਸਕੂਟਰ 1950 ਵਿੱਚ ਲਿਆ ਸੀ। ਅਕਸਰ ਉਨ੍ਹਾਂ ਨੂੰ ਮਹਿੰਗੀ ਕਾਰਾਂ ਵਿੱਚ ਦਫ਼ਤਰ ਆਉਂਦੇ ਦੇਖਿਆ ਗਿਆ ਸੀ।
ਰਾਜਨੀਤਿਕ ਸਮਾਜ ਵਿੱਚ ਸੋਗ ਦੀ ਲਹਿਰ
ਗੋਗੀ ਦੇ ਬੇਵਕਤੀ ਦੇਹਾਂਤ ਨਾਲ ਰਾਜਨੀਤਿਕ ਅਤੇ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ। ਗੁਰਪ੍ਰੀਤ ਗੋਗੀ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਇਸ ਘਟਨਾ ਦੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।