ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

Updated On: 

12 Oct 2026 13:47 PM IST

ਮੰਗ ਪੱਤਰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਮਨਜਿੰਦਰ ਸਿੰਘ ਗਿਆਸਪੁਰਾ ਤੇ ਹੋਰ ਮੌਜੂਦ ਆਗੂਆਂ ਨੇ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੇ ਪਰਿਸਰ 'ਚ ਹੋਈ ਪੁਲਿਸ ਕਾਰਵਾਈ ਤੇ ਡੂੰਘਾ ਦੁੱਖ ਤੇ ਰੋਸ ਪ੍ਰਗਟਾਇਆ।

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ‘ਆਪ’ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ। ਇਸ ਦੌਰਾਨ ਆਪ ਵਿਧਾਇਕਾਂ ਨੇ ਇਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਮੰਗ ਪੱਤਰ ਸੌਂਪਿਆ। ਜਥੇਦਾਰ ਸਾਹਿਬ ਦੀ ਗੈਰ-ਮੌਜੂਦਗੀ ‘ਚ ਇਹ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ (ਪੀਏ) ਬਗੀਚਾ ਸਿੰਘ ਨੂੰ ਸੌਂਪਿਆ ਗਿਆ।

ਮੰਗ ਪੱਤਰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਮਨਜਿੰਦਰ ਸਿੰਘ ਗਿਆਸਪੁਰਾ ਤੇ ਹੋਰ ਮੌਜੂਦ ਆਗੂਆਂ ਨੇ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੇ ਪਰਿਸਰ ‘ਚ ਹੋਈ ਪੁਲਿਸ ਕਾਰਵਾਈ ਤੇ ਡੂੰਘਾ ਦੁੱਖ ਤੇ ਰੋਸ ਪ੍ਰਗਟਾਇਆ।

ਗੁਰਦੁਆਰਾ ਪਰਿਸਰ ਦੀ ਮਰਿਆਦਾ ਭੰਗ ਕਰਨ ਦਾ ਇਲਜ਼ਾਮ

ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦਿੱਲੀ ‘ਚ ਗੁਰਦੁਆਰਾ ਬੰਗਲਾ ਸਾਹਿਬ ਦੇ ਪਰਿਸਰ ਅੰਦਰ ਦਿੱਲੀ ਪੁਲਿਸ ਦਾ ਦਾਖ਼ਲ ਹੋਣਾ ਤੇ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਨਾ ਬੇਹੱਦ ਦੁਖਦਾਈ ਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਜੁੱਤੀਆਂ ਪਹਿਨ ਕੇ ਤੇ ਸਿਰ ਨੰਗੇ ਰੱਖ ਕੇ ਗੁਰਦੁਆਰਾ ਸਾਹਿਬ ਦੇ ਪਰਿਸਰ ‘ਚ ਦਾਖ਼ਲ ਹੋ ਕੇ ਸਿੱਖ ਮਰਿਆਦਾ ਤੇ ਗੁਰੂ ਘਰ ਦੀ ਪਵਿੱਤਰਤਾ ਦਾ ਸਿੱਧਾ ਅਪਮਾਨ ਕੀਤਾ।

ਗਿਆਸਪੁਰਾ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਘਰ ਹਮੇਸ਼ਾ ਤੋਂ ਬੇਸਹਾਰਿਆਂ ਤੇ ਸ਼ਰਨ ਮੰਗਣ ਵਾਲਿਆਂ ਲਈ ਸਹਾਰਾ ਰਹੇ ਹਨ। ਜਦੋਂ ਵੀ ਲੋਕ ਸੰਕਟ’ਚ ਹੁੰਦੇ ਹਨ ਜਾਂ ਸ਼ਰਨ ਦੀ ਭਾਲ ਕਰਦੇ ਹਨ, ਗੁਰਦੁਆਰਿਆਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਰਹਿੰਦੇ ਹਨ। ਅਜਿਹੇ ਵਿੱਚ ਮਰਿਆਦਾ ਦਾ ਖ਼ਿਆਲ ਰੱਖੇ ਬਿਨਾਂ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਤਰ੍ਹਾਂ ਦੀ ਅਵੱਗਿਆ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ।

ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ

ਡਾ. ਇੰਦਰਬੀਰ ਸਿੰਘ ਨਿੱਝਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਧਾਰਮਿਕ ਸਥਾਨਾਂ ਦੀ ਖ਼ੁਦਮੁਖ਼ਤਿਆਰੀ ਤੇ ਉਨ੍ਹਾਂ ਦੀ ਮਰਿਆਦਾ ਤੇ ਲਗਾਤਾਰ ਸੱਟ ਮਾਰੀ ਜਾ ਰਹੀ ਹੈ। ਡਾ. ਨਿੱਝਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਉਹ ਸਥਾਨ ਹੈ, ਜਿੱਥੇ ਹਰ ਵਿਅਕਤੀ ਨੂੰ ਸੁਰੱਖਿਆ, ਸ਼ਾਂਤੀ ਅਤੇ ਲੰਗਰ ਪ੍ਰਾਪਤ ਹੁੰਦਾ ਹੈ।

ਉਨ੍ਹਾਂ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੀ ਮਨਮਾਨੀ ਬਿਨਾਂ ਕਿਸੇ ਉੱਚ ਪੱਧਰੀ ਨਿਰਦੇਸ਼ ਦੇ ਸੰਭਵ ਨਹੀਂ ਹੈ। ਨਿੱਝਰ ਨੇ ਕਿਹਾ ਕਿ ਅਸੀਂ ਅੱਜ ਬਹੁਤ ਦੁਖੀ ਮਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਮੰਗ ਪੱਤਰ ਦੇਣ ਪਹੁੰਚੇ ਹਾਂ। ਸਾਡੀ ਮੰਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਇਸ ਪੂਰੇ ਮਾਮਲੇ ਦਾ ਤੁਰੰਤ ਤੇ ਸਖ਼ਤੀ ਨਾਲ ਨੋਟਿਸ ਲੈਣ।

ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਚੁੱਪ ਤੇ ਚੁੱਕੇ ਸਵਾਲ

ਗੱਲਬਾਤ ਦੌਰਾਨ ਆਪ ਆਗੂਆਂ ਨੇ ਇਸ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਤੇ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀਆਂ ਜਥੇਬੰਦੀਆਂ ਤੇ ਆਗੂ ਇਸ ਮਾਮਲੇ ਤੇ ਚੁੱਪ ਧਾਰੀ ਬੈਠੇ ਹਨ। ਆਪ ਆਗੂਆਂ ਨੇ ਕਿਹਾ ਕਿ ਜਦੋਂ ਪੰਥ ਅਤੇ ਗੁਰੂ ਘਰ ਦੀ ਮਰਿਆਦਾ ਦਾ ਸਵਾਲ ਹੋਵੇ ਤਾਂ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਹੈ।

ਮੰਗ ਪੱਤਰ ‘ਚ ਰੱਖੀਆਂ ਮੁੱਖ ਮੰਗਾਂ

  • ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਦੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜੋ ਇਸ ਮਰਿਆਦਾ ਦੀ ਉਲੰਘਣਾ ਲਈ ਜ਼ਿੰਮੇਵਾਰ ਹਨ।
  • ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੇਂਦਰ ਸਰਕਾਰ ਨੂੰ ਹਦਾਇਤ ਦਿੱਤੀ ਜਾਵੇ ਕਿ ਭਵਿੱਖ ‘ਚ ਕਿਸੇ ਵੀ ਗੁਰਦੁਆਰਾ ਪਰਿਸਰ ਅੰਦਰ ਇਸ ਤਰ੍ਹਾਂ ਦਾ ਦਖ਼ਲ ਨਾ ਦਿੱਤਾ ਜਾਵੇ।
  • ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

ਵਫ਼ਦ ‘ਚ ਸ਼ਾਮਲ ਸਾਰੇ ਵਿਧਾਇਕਾਂ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਾਉਣ ਆਏ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਿੱਖ ਪੰਥ ਦੀ ਸਰਵਉੱਚ ਧਾਰਮਿਕ ਪੀਠ ਇਸ ਮਾਮਲੇ ਤੇ ਪੰਥ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ।

Loading...
Unable to load recommendations.
Follow Us