Punjab Flood: ਜੈਕਾਰਿਆਂ ਦੀ ਗੂੰਜ ‘ਚ ਮੁਕੰਮਲ ਹੋਇਆ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ, ਵੇਖੋ ਤਸਵੀਰਾਂ
ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਏ ਕਰੀਬ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਬੰਨ ਟੁੱਟਣ ਨਾਲ ਕਰੀਬ 50 ਪਿੰਡ ਪ੍ਰਭਾਵਿਤ ਹੋਏ ਸਨ। ਪਰ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਨੌਜਵਾਨਾਂ ਨੇ ਇਸ ਬੰਨ੍ਹ ਨੂੰ ਠੀਕ ਕਰ ਦਿੱਤਾ। ਇਸ ਮੌਕੇ ਗੁਰਦਾਸੁਪਰ ਦੇ ਡੀਸੀ ਵੀ ਹਾਜਿਰ ਸਨ। ਉਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਰਿਪੋਰਟ ਅਨੂਸਾਰ ਇਹ ਕੰਮ ਕਰਨ ਲਈ 15 ਤੋਂ 20 ਦਿਨ ਦਾ ਸਮਾਂ ਲੱਗਣਾ ਸੀ ਪਰ ਲੋਕਾਂ ਦੀ ਮਿਹਨਤ ਨਾਲ ਇਹ ਕੰਮ ਜਲਦੀ ਹੀ ਪੂਰਾ ਹੋ ਗਿਆ।
ਗੁਰਦਾਸਪੁਰ। ਬਿਆਸ ਦਰਿਆ ਤੋਂ ਆਏ ਪਾਣੀ ਨਾਲ ਜਗਤਪੁਰ ਟਾਂਡਾ (Jagatpur Tanda) ਨੇੜੇ ਧੁੱਸੀ ਬੰਨ੍ਹ ਵਿੱਚ ਪਏ ਕਰੀਬ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਧੂਸੀ ਬੰਨ੍ਹ ਟੁੱਟਣ ਕਰਕੇ ਗੁਰਦਾਸਪੁਰ ਜ਼ਿਲੇ ਦੇ 50 ਦੇ ਕਰੀਬ ਪਿੰਡ ਪਾਣੀ ਆਉਣ ਨਾਲ ਪ੍ਰਭਾਵਿਤ ਹੋਏ ਸਨ ਆਖਿਰਕਾਰ ਇਸ ਬੰਨ੍ਹ ਨੂੰ ਪੂਰ ਲਿਆ ਗਿਆ ਹੈ।
ਇੱਸ ਦੌਰਾਨ ਜਿਲ੍ਹੇ ਦੇ ਵੱਖ-ਵੱਖ ਪਿਡਾਂ ਤੋਂ ਪਹੁੰਚੇ ਹਜਾਰਾਂ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ (Deputy Commissioner) ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਹਰੀਸ਼ ਦਾਯਮਾ, ਆਪ ਆਗੂ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਜੈਕਾਰੇ ਲਗਾ ਕੇ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਉਸਦੇ ਨਾਲ ਆਏ ਨੌਜਵਾਨਾਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਬੰਨ੍ਹ ਨੂੰ ਭਰਨ ਲਈ ਦਿਨ-ਰਾਤ ਇੱਕ ਕਰ ਰਹੇ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਕੰਵਲਪ੍ਰੀਤ ਸਿੰਘ ਕਾਕੀ ਸਮੇਤ ਉਨ੍ਹਾਂ ਦੇ ਸਮਰਥਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਬੰਨ੍ਹ ਨੂੰ ਭਰਨ ਦਾ ਕੰਮ ਮੁਕੰਮਲ ਕੀਤਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਹਿੰਮਤ ਦੀ ਬਦੌਲਤ ਹੀ ਇਹ ਅਸੰਭਵ ਕੰਮ ਇਨ੍ਹੇਂ ਘੱਟ ਸਮੇਂ ਵਿੱਚ ਸੰਭਵ ਹੋ ਸਕਿਆ ਹੈ।
ਇਹ ਵੀ ਪੜ੍ਹੋ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਇਸ ਬੰਨ੍ਹ ਵਿੱਚ ਪਾੜ ਪਿਆ ਸੀ ਤਾਂ ਉਨ੍ਹਾਂ ਨੂੰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮੁੱਢਲੀ ਰੀਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਬੰਨ੍ਹ ਨੂੰ ਭਰਨ ਵਿੱਚ ਘੱਟੋ-ਘੱਟ 15 ਤੋਂ 20 ਦਿਨ ਦਾ ਸਮਾਂ ਲੱਗੇਗਾ ਕਿਉਂਕਿ ਪਾਣੀ ਦਾ ਬਹਾਅ ਕਾਫੀ ਤੇਜ ਸੀ ਅਤੇ ਡੂੰਘਾਈ ਵੀ ਕਾਫੀ ਜਿਆਦਾ ਸੀ।
ਪਰ ਨੌਜਵਾਨਾਂ ਦੀ ਹਿੰਮਤ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਸਦਕਾ ਸਿਰਫ ਤਿੰਨ ਦਿਨਾਂ ਵਿੱਚ ਹੀ ਇਸ ਬੰਨ੍ਹ ਨੂੰ ਭਰ ਦਿੱਤਾ ਗਿਆ ਹੈ। ਉਨ੍ਹਾਂ ਬੰਨ੍ਹ ਨੂੰ ਭਰਨ ਵਿੱਚ ਦਿਨ-ਰਾਤ ਕੰਮ ਕਰ ਰਹੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਨੌਜਵਾਨਾਂ ਸਮੇਤ ਇਲਾਕੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਇਨ੍ਹੇਂ ਵੱਡੇ ਅਤੇ ਡੂੰਘੇ ਬੰਨ੍ਹ ਨੂੰ ਇਨ੍ਹੇਂ ਘੱਟ ਸਮੇਂ ਵਿੱਚ ਭਰ ਕੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਗਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ